ਨਵਾਂਸ਼ਹਿਰ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਨਵਾਂਸ਼ਹਿਰ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਨਵਾਂਸ਼ਹਿਰ, 28 ਮਾਰਚ-ਇਥੇ ਰਾਹੋਂ-ਫਿਲੌਰ ਰੋਡ ’ਤੇ ਅੱਜ ਸਵੇਰੇ ਪਿੰਡ ਮਲਪੁਰ ਦੇ ਪੈਟਰੋਲ ਪੰਪ ਉੱਤੇ ਸਫ਼ਾਰੀ ਗੱਡੀ ’ਤੇ ਸਵਾਰ ਚਾਰ ਤੋਂ ਪੰਜ ਅਣਪਛਾਤਿਆਂ ਨੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਨੌਜਵਾਨ ਦੀ ਪਛਾਣ ਮੱਖਣ ਕੰਗ ਵਾਸੀ ਪਿੰਡ ਕੰਗ ਵਜੋਂ ਦੱਸੀ ਗਈ ਹੈ। ਨੌਜਵਾਨ ਦੀ ਉਮਰ 35 ਤੋਂ 38 ਸਾਲ ਦਰਮਿਆਨ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਮੱਖਣ ਕੰਗ ਘਰੋਂ ਦੁੱਧ ਚੋਅ ਕੇ ਆਪਣੇ ਸਹੁਰੇ ਪਿੰਡ ਗਰਚਾ ਜਾ ਰਿਹਾ ਸੀ। ਇਸ ਦੌਰਾਨ ਉਹ ਰਸਤੇ ਵਿੱਚ ਪਿੰਡ ਮਲਪੁਰ ਦੇ ਪੈਟਰੋਲ ਪੰਪ ’ਤੇ ਰੁਕਿਆ ਤਾਂ ਉਥੇ ਪਹਿਲਾਂ ਤੋਂ ਸਫ਼ਾਰੀ ਗੱਡੀ ਵਿੱਚ ਮੌਜੂਦ ਅਣਪਛਾਤਿਆਂ ਨੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੁਲੀਸ ਮੁਤਾਬਕ ਮੌਕੇ ’ਤੇ ਡੇਢ ਦਰਜਨ ਦੇ ਕਰੀਬ ਗੋਲੀਆਂ ਚੱਲੀਆਂ ਹਨ। ਹਮਲਾਵਰਾਂ ਨੇ ਮਿੱਥ ਕੇ ਇਕ ਗੋਲੀ ਮੱਖਣ ਕੰਗ ਦੇ ਮੂੰਹ ’ਤੇ ਵੀ ਚਲਾਈ। ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੱਖਣ ਕੰਗ ਖਿਲਾਫ਼ ਵੱਖ ਵੱਖ ਥਾਣਿਆਂ ਵਿਚ ਚਾਰ ਤੋਂ ਪੰਜ ਕੇਸ ਦਰਜ ਦੱਸੇ ਜਾਂਦੇ ਹਨ। ਪੁਲੀਸ ਨੇ ਕੇਸ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ।

You must be logged in to post a comment Login