ਕੈਨੇਡਾ ਰਹਿ ਰਹੇ ਗੈਂਗਸਟਰ ਲਖਬੀਰ ਲੰਡਾ ਨੇ ਪੰਜਾਬ ਵਾਸੀ ਤੋਂ ਫ਼ਿਰੌਤੀ ਮੰਗੀ: ਕੇਸ ਦਰਜ

ਕੈਨੇਡਾ ਰਹਿ ਰਹੇ ਗੈਂਗਸਟਰ ਲਖਬੀਰ ਲੰਡਾ ਨੇ ਪੰਜਾਬ ਵਾਸੀ ਤੋਂ ਫ਼ਿਰੌਤੀ ਮੰਗੀ: ਕੇਸ ਦਰਜ

ਤਰਨ ਤਾਰਨ, 29 ਮਾਰਚ- ਅੰਤਰਰਾਸ਼ਟਰੀ ਪੱਧਰ ਦੇ ਗੈਂਗਸਸਟਰ ਲਖਬੀਰ ਸਿੰਘ ਲੰਡਾ ਵਲੋਂ ਇਲਾਕੇ ਦੇ ਕਾਰੋਬਾਰੀਆਂ ਨੂੰ ਕੈਨੇਡਾ ਤੋਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਫ਼ਿਰੌਤੀ ਦੀ ਮੰਗ ਕਰਨ ਦੀਆਂ ਵਾਰਦਾਤਾਂ ਜਾਰੀ ਹਨ। ਜ਼ਿਲ੍ਹਾ ਪੁਲੀਸ ਲੋਕਾਂ ਨੂੰ ਇਸ ਖੌਫ਼ ਤੋਂ ਨਿਜਾਤ ਦਿਲਵਾਉਣ ਤੋਂ ਅਸਫ਼ਲ ਹੈ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਸ਼ਹਿਰ ਦੀ ਮਾਸਟਰ ਕਲੋਨੀ ਦੇ ਵਾਸੀ ਗੁਰਦਿਆਲ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਧਾਰਾ 387 ਅਧੀਨ ਕੇਸ ਦਰਜ ਕੀਤਾ ਹੈ| ਲੰਡਾ ਖ਼ਿਲਾਫ਼ ਅੱਜ ਤੱਕ 20 ਤੋਂ ਵੀ ਜ਼ਿਆਦਾ ਸੰਗੀਨ ਅਪਰਾਧਾਂ ਦੇ ਕੇਸ ਦਰਜ ਕੀਤੇ ਜਾ ਚੁੱਕੇ ਹਨ| ਉਹ ਪਿਛਲੇ ਸਾਲ ਪੱਟੀ ਅੰਦਰ ਦੋ ਅਕਾਲੀ ਵਰਕਰਾਂ ਦੇ ਕਤਲ ਪਿੱਛੇ ਵੀ ਸੀ| ਪ੍ਰੋਡਿਊਸਰ ਦੇ ਤੌਰ ’ਤੇ ਮਸਹੂਰ ਤਰਨ ਤਾਰਨ ਵਾਸੀ ਗੁਰਦਿਆਲ ਸਿੰਘ ਸਿੱਧੂ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਲਖਬੀਰ ਸਿੰਘ ਲੰਡਾ ਵਲੋਂ ਉਸ ਨੂੰ ਵੱਖ ਵੱਖ ਮੋਬਾਈਲਾਂ ਤੋਂ ਕਰੀਬ ਛੇ ਮਹੀਨਿਆਂ ਵਿੱਚ ਕਈ ਵਾਰ ਵਟਸਐਪ ਮੈਸੇਜ ਅਤੇ ਵਾਈਸ ਕਾਲਾਂ ਭੇਜ ਕੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ ਅਤੇ ਨਾ ਦੇਣ ਤੇ ਉਸ ਦੇ ਸਾਰੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਹੈ| ਹਰੀਕੇ ਦਾ ਵਾਸੀ ਗੈਂਗਸਟਰ ਲਖਬੀਰ ਸਿੰਘ ਲੰਡਾ ਕਈ ਸੰਗੀਨ ਵਾਰਦਾਤਾਂ ਕਰਕੇ ਪੁਲੀਸ ਅਤੇ ਖੁਫੀਆਂ ਏਜੰਸੀਆਂ ਨੂੰ ਚਕਮਾ ਦੇ ਕੇ ਕੈਨੇਡਾ ਭੱਜਣ ਵਿੱਚ ਸਫਲ ਰਿਹਾ ਸੀ| ਉਹ ਉਥੇ ਵੱਖ ਵੱਖ ਦੇਸ਼ਾਂ ਦੇ ਗੈਂਗਸਟਰਾਂ ਦਾ ਸਰਗਨਾ ਬਣਕੇ ਵੱਡੀਆਂ ਫਿਰੌਤੀਆਂ ਦੀ ਮੰਗ ਕਰਨ ਦਾ ਗੈਰਕਾਨੂੰਨੀ ਧੰਦਾ ਕਰਦਾ ਆ ਰਿਹਾ ਹੈ| ਉਸ ਨੇ ਵਿਦੇਸ਼ੀ ਬੈਂਕਾਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਹੋਏ ਹਨ| ਸਥਾਨਕ ਜ਼ਿਲ੍ਹਾ ਪੁਲੀਸ ਨੇ ਉਸ ਨੂੰ ਭਾਰਤ ਲੈ ਕੇ ਆਉਣ ਦੀ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ|

You must be logged in to post a comment Login