ਦੋ ਸੂਬਾਈ ਅਸੈਂਬਲੀਆਂ ਵੀ ਭੰਗ ਕੀਤੇ ਜਾਣ ਦਾ ਖ਼ਤਰਾ…

ਦੋ ਸੂਬਾਈ ਅਸੈਂਬਲੀਆਂ ਵੀ ਭੰਗ ਕੀਤੇ ਜਾਣ ਦਾ ਖ਼ਤਰਾ…

ਪਾਕਿਸਤਾਨੀ- ਸਦਰ ਡਾ. ਆਰਿਫ਼ ਅਲਵੀ ਵੱਲੋਂ ਕੌਮੀ ਅਸੈਂਬਲੀ ਭੰਗ ਕਰਨ ਤੇ ਮੁਲਕ ਵਿਚ ਨਵੇਂ ਸਿਰਿਓਂ ਪਾਰਲੀਮਾਨੀ ਚੋਣਾਂ ਕਰਵਾਉਣ ਦੇ ਫ਼ਰਮਾਨ ਦੀ ਪਾਕਿਸਤਾਨੀ ਸਿਆਸੀ ਮਾਹਿਰਾਂ ਨੇ ਸਖ਼ਤ ਮਜ਼ੱਮਤ ਕੀਤੀ ਹੈ। ਸਦਰ ਆਰਿਫ਼ ਅਲਵੀ ਨੇ ਉਪਰੋਕਤ ਕਦਮ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਸਿਫ਼ਾਰਸ਼ ’ਤੇ ਚੁੱਕਿਆ। ਸੰਵਿਧਾਨਕ ਮਾਹਿਰ ਫਹਦ ਹੁਸੈਨ ਦਾ ਕਹਿਣਾ ਹੈ ਕਿ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਵੱਲੋਂ ਵਜ਼ੀਰੇ ਆਜ਼ਮ ਖ਼ਿਲਾਫ਼ ਬੇਵਿਸਾਹੀ ਮਤਾ ਸੰਵਿਧਾਨ ਦੀ ਧਾਰਾ 5 ਦੇ ਤਹਿਤ ਰੱਦ ਕੀਤੇ ਜਾਣ ਦੀ ਕਾਰਵਾਈ ਗ਼ੈਰ-ਸੰਵਿਧਾਨਕ ਸੀ ਅਤੇ ਸਦਰ ਅਲਵੀ ਨੂੰ ਦਖ਼ਲ ਦੇ ਕੇ ਡਿਪਟੀ ਸਪੀਕਰ ਨੂੰ ਹਦਾਇਤ ਕਰਨੀ ਚਾਹੀਦੀ ਸੀ ਕਿ ਉਹ ਬੇਵਿਸਾਹੀ ਮਤੇ ਉੱਪਰ ਵੋਟਾਂ ਪਵਾਏ। ਪਰ ਸਦਰ ਨੇ ਅਜਿਹਾ ਕਰਨ ਦੀ ਥਾਂ ਇਕ ਗ਼ਲਤ ਕਦਮ ਉੱਤੇ ਮਨਜ਼ੂਰੀ ਦੀ ਮੋਹਰ ਲਾਈ। ਡਾਅਨ ਟੀਵੀ ਦੀ ਰਿਪੋਰਟ ਅਨੁਸਾਰ ਇਕ ਹੋਰ ਸੰਵਿਧਾਨ ਮਾਹਿਰ ਪ੍ਰੋ. ਉਸਮਾਨ ਖਿਲਜੀ ਨੇ ਕਿਹਾ ਕਿ ਸਦਰ ਤੇ ਵਜ਼ੀਰੇ ਆਜ਼ਮ ਦੇ ਕਦਮਾਂ ਨੇ ਸੰਵਿਧਾਨ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਹੁਣ ਖ਼ਤਰਾ ਪੰਜਾਬ ਤੇ ਖ਼ੈਬਰ ਪਖ਼ਤੂਨਖ਼ਵਾ ਦੀਆਂ ਸੂਬਾਈ ਅਸੈਂਬਲੀਆਂ ਨੂੰ ਹੈ। ਇਨ੍ਹਾਂ ਨੂੰ ਵੀ ਭੰਗ ਕਰਵਾਉਣ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਮਰਾਨ ਖ਼ਾਨ ਹੁਣ ਕਿਉਂਕਿ ਨਿਗਰਾਨ ਵਜ਼ੀਰੇ ਆਜ਼ਮ ਹੈ, ਇਸ ਲਈ ਇਨ੍ਹਾਂ ਅਸੈਂਬਲੀਆਂ ਬਾਰੇ ਉਸ ਦੀ ਕੈਬਨਿਟ ਦੀ ਕੋਈ ਵੀ ਸਿਫ਼ਾਰਸ਼ ਪ੍ਰਵਾਨ ਨਹੀਂ ਕੀਤੀ ਜਾਣੀ ਚਾਹੀਦੀ। ਇਸੇ ਦੌਰਾਨ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਜੋ ਸਿਆਸੀ ਸਰਗਰਮੀਆਂ ਵਾਪਰੀਆਂ ਹਨ, ਉਨ੍ਹਾਂ ਨਾਲ ਉਸ ਦਾ ਕੋਈ ਵਜੋ-ਵਾਸਤਾ ਨਹੀਂ।

You must be logged in to post a comment Login