ਪੰਜਾਬ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਕਤਲਾਂ ਦੀ ਗਿਣਤੀ ਘਟੀ: ਡੀਜੀਪੀ

ਪੰਜਾਬ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਕਤਲਾਂ ਦੀ ਗਿਣਤੀ ਘਟੀ: ਡੀਜੀਪੀ

ਚੰਡੀਗੜ੍ਹ, 11 ਅਪਰੈਲ- ਪੰਜਾਬ ਦੇ ਡੀਜੀਪੀ ਵੀ.ਕੇ.ਭਾਵੜਾ ਨੇ ਸੂਬੇ ਵਿੱਚ ਕਤਲਾਂ ਦੀ ਗਿਣਤੀ ਵਧਣ ਦੇ ਵਿਰੋਧੀ ਧਿਰ(ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ) ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਾਲ ਹੁਣ ਤੱਕ 158 ਕਤਲ ਹੋਏ ਹਨ ਜਦੋਂਕਿ 2021 ਤੇ 2020 ਵਿੱਚ ਇਹ ਅੰਕੜਾ ਕ੍ਰਮਵਾਰ 725 ਤੇ 757 ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੀ ਮਾਸਿਕ ਔਸਤ 50 ਹੈ ਤੇ ਪਹਿਲਾਂ ਇਹ 65 ਤੋਂ 70 ਰਹਿੰਦੀ ਸੀ। ਡੀਜੀਪੀ ਨੇ ਕਿਹਾ, ‘‘ਮੈਂ ਨਹੀਂ ਕਹਿੰਦਾ ਕਿ ਇਹ ਖ਼ੁਸ਼ਗਵਾਰ ਹਾਲਾਤ ਹਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਘੱਟ ਹੈ। ਸਾਨੂੰ ਇਹ ਅੰਕੜਾ ਹੋਰ ਹੇਠਾਂ ਲਿਆਉਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਇਸ ਸਾਲ ਰਿਪੋਰਟ ਹੋਏ 158 ਕਤਲਾਂ ਵਿੱਚੋਂ 6 ਕੇਸਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਕੇਸਾਂ ਦੀ ਪੈੜ ਨੱਪੀ ਸੀ ਤੇ ਇਸ ਵਿੱਚ ਗੈਂਗਸਟਰਾਂ ਦੀ ਭੂਮਿਕਾ ਸੀਮਤ ਹੈ। ਸਾਨੂੰ ਪਤਾ ਹੈ ਕਿਸ ਨੇ ਰੇਕੀ ਕੀਤੀ ਤੇ ਕਿਸ ਨੇ ਗੋਲੀਆਂ ਚਲਾਈਆਂ। ਇਨ੍ਹਾਂ ਕੇਸਾਂ ਵਿਚ ਹੁਣ ਤੱਕ 24 ਮੁੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੱਤ ਪਿਸਤੌਲਾਂ ਤੇ ਇੰਨੇ ਹੀ ਵਾਹਨ ਬਰਾਮਦ ਕੀਤੇ ਗਏ ਹਨ।’’

You must be logged in to post a comment Login