ਗੁਰੂ ਤੇਗ ਬਹਾਦਰ ਦੀ ਕੁਰਬਾਨੀ ਸਾਡੇ ਲਈ ਪ੍ਰੇਰਨਾ ਸਰੋਤ: ਮੋਦੀ

ਗੁਰੂ ਤੇਗ ਬਹਾਦਰ ਦੀ ਕੁਰਬਾਨੀ ਸਾਡੇ ਲਈ ਪ੍ਰੇਰਨਾ ਸਰੋਤ: ਮੋਦੀ

ਨਵੀਂ ਦਿੱਲੀ, 22 ਅਪਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਕਦੇ ਵੀ ਕਿਸੇ ਮੁਲਕ ਜਾਂ ਸਮਾਜ ਲਈ ਖ਼ਤਰਾ ਨਹੀਂ ਬਣਿਆ ਤੇ ਇਹ ਅਜੋਕੇ ਦੌਰ ਦੀਆਂ ਆਲਮੀ ਚੁਣੌਤੀਆਂ ਭਰੇ ਮਾਹੌਲ ’ਚ ਵੀ ਸਮੁੱਚੇ ਵਿਸ਼ਵ ਦੀ ਭਲਾਈ ਬਾਰੇ ਸੋਚਦਾ ਹੈ। ਉਨ੍ਹਾਂ ਮੰਨਿਆ ਕਿ ਭਾਰਤ, ਸਿੱਖ ਗੁਰੂਆਂ ਦੇ ਆਦਰਸ਼ਾਂ ਦੀ ਪਾਲਣਾ ਕਰ ਰਿਹਾ ਹੈ। ਇੱਥੇ ਲਾਲ ਕਿਲ੍ਹੇ ’ਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਲਾਲ ਕਿਲ੍ਹੇ ਨੇੜੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਗੁਰੂ ਤੇਗ ਬਹਾਦਰ ਦੀ ਅਦੁੱਤੀ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਮੁਲਕ ਵਿੱਚ ਧਾਰਮਿਕ ਕੱਟੜਤਾ ਦੀ ਹਨੇਰੀ ਝੁੱਲ ਰਹੀ ਸੀ। ਉਸ ਸਮੇਂ ਭਾਰਤ ਲਈ ਆਪਣੀ ਪਛਾਣ ਦੀ ਰਾਖੀ ਕਰਨ ਦੀ ਸਭ ਤੋਂ ਵੱਡੀ ਉਮੀਦ ਗੁਰੂ ਤੇਗ ਬਹਾਦਰ ਬਣੇ। ਪ੍ਰਧਾਨ ਮੰਤਰੀ ਨੇ ਕਿਹਾ,‘ਔਰੰਗਜੇਬ ਦੇ ਜ਼ੁਲਮਾਂ ਸਾਹਮਣੇ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਬਣ ਕੇ ਇੱਕ ਚੱਟਾਨ ਵਾਂਗ ਖੜ੍ਹ ਗਏ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਇਸ ਗੱਲ ਦਾ ਗਵਾਹ ਹੈ ਕਿ ਔਰੰਗਜੇਬ ਤੇ ਉਸ ਜਿਹੇ ਕਈ ਜ਼ੁਲਮੀ ਸ਼ਾਸਕਾਂ ਨੇ ਕਈ ਲੋਕਾਂ ਦੇ ਸਿਰ ਕਲਮ ਕੀਤੇ ਹੋਣਗੇ, ਪਰ ਸਾਡੀ ਆਸਥਾ ਸਾਡੇ ਨਾਲੋਂ ਵੱਖ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੇ ਭਾਰਤ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ, ਆਪਣੇ ਸਵੈਮਾਣ ਤੇ ਇੱਜ਼ਤ ਦੀ ਰਾਖੀ ਲਈ ਜਿਊਣ ਤੇ ਮਰ ਮਿਟਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵੱਡੀਆਂ ਤਾਕਤਾਂ ਗਾਇਬ ਹੋ ਗਈਆਂ, ਵੱਡੇ ਤੂਫਾਨ ਥੰਮ ਗਏ ਪਰ ਭਾਰਤ ਅਜੇ ਵੀ ਅਡੋਲ ਖੜ੍ਹਾ ਹੈ ਤੇ ਅੱਗੇ ਵਧ ਰਿਹਾ ਹੈ। ਉਹ ਇੱਥੇ ਲਾਲ ਕਿਲ੍ਹੇ ’ਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ 400 ਰਾਗੀਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਤੇਗ ਬਹਾਦਰ ਦੇ ਉਪਦੇਸ਼ਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮਗਰੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਫ਼ੈਸਲੇ ਖ਼ੁਦ ਕਰਦਾ ਹੈ। ਸਾਨੂੰ ਇੱਕ ਅਜਿਹਾ ਭਾਰਤ ਬਣਾਉਣਾ ਪਵੇਗਾ ਜਿਸਦੀ ਤਾਕਤ ਨੂੰ ਪੂਰਾ ਵਿਸ਼ਵ ਵੇਖੇ ਤੇ ਜੋ ਸੰਸਾਰ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਵਿਸ਼ਵ ਇਤਿਹਾਸ ਵਿੱਚ ਧਰਮ ਤੇ ਮਨੁੱਖੀ ਕਦਰਾਂ ਕੀਮਤਾਂ, ਆਦਰਸ਼ਾਂ ਤੇ ਸਿਧਾਂਤਾਂ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ। ਉਨ੍ਹਾਂ ਨੂੰ ਮੁਗਲ ਬਾਦਸ਼ਾਹ ਔਰੰਗਜੇਬ ਦੇ ਹੁਕਮ ’ਤੇ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਦਾ ਸਮਰਥਨ ਕਰਨ ਲਈ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਵਰ੍ਹੇ 24 ਨਵੰਬਰ ਨੂੰ ਮਨਾਇਆ ਜਾਂਦਾ ਹੈ। ਦਿੱਲੀ ’ਚ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਉਨ੍ਹਾਂ ਦੀ ਸ਼ਹੀਦੀ ਨਾਲ ਸਬੰਧਤ ਹਨ।

You must be logged in to post a comment Login