ਦਿੱਲੀ ਤੋਂ ਚੰਡੀਗੜ੍ਹ ਪੁੱਜੀ ਅਲਕਾ ਲਾਂਬਾ ਦੀ ਪੇਸ਼ੀ ਦਾ ਦਿਨ ਐਨ ਮੌਕੇ ਬਦਲਿਆ

ਦਿੱਲੀ ਤੋਂ ਚੰਡੀਗੜ੍ਹ ਪੁੱਜੀ ਅਲਕਾ ਲਾਂਬਾ ਦੀ ਪੇਸ਼ੀ ਦਾ ਦਿਨ ਐਨ ਮੌਕੇ ਬਦਲਿਆ

ਰੂਪਨਗਰ, 26 ਅਪਰੈਲ-ਰੂਪਨਗਰ ਪੁਲੀਸ ਵੱਲੋਂ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਇਥੋਂ ਦੇ ਸਦਰ ਥਾਣੇ ਵਿੱਚ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤੀ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਦੋਸ਼ਾਂ ਹੇਠ ਫਸਾਉਣ ਵਾਲਿਆਂ ਨੂੰ ਇਹ ਕੁੱਝ ਕਰਨਾ ਭਾਰੀ ਪਵੇਗਾ ਅਤੇ ਉਹ ਹਰ ਦੋਸ਼ ਦਾ ਡਟ ਕੇ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸ੍ਰੀਮਤੀ ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ਉਹ ਪੁਲੀਸ ਅੱਗੇ ਪੇਸ਼ ਹੋਣ ਲਈ ਤਿਆਰ ਹਨ ਪਰ ਪੁਲੀਸ ਪੇਸ਼ੀ ਦਾ ਦਿਨ ਬਦਲ ਰਹੀ ਹੈ। ਉਨ੍ਹਾਂ ਨੂੰ ਰੂਪਨਗਰ ਪੁਲੀਸ ਨੇ ਉਨ੍ਹਾਂ ਦੇ ਘਰ 20 ਅਪਰੈਲ ਨੂੰ ਸੰਮਨ ਤਾਮੀਲ ਕਰਵਾ ਕੇ 26 ਅਪਰੈਲ ਨੂੰ ਥਾਣਾ ਸਦਰ ਰੂਪਨਗਰ ਬੁਲਾਇਆ ਸੀ ਤੇ ਉਹ ਬੀਤੀ ਰਾਤ 25 ਅਪਰੈਲ ਨੂੰ ਚੰਡੀਗੜ੍ਹ ਪੁੱਜ ਚੁੱਕੇ ਹਨ ਤਾਂ ਕਿ ਤੈਅ ਸਮੇਂ ਅਨੁਸਾਰ ਰੂਪਨਗਰ ਥਾਣੇ ਪਹੁੰਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਡੀਐੱਸਪੀ ਰੂਪਨਗਰ ਜਰਨੈਲ ਸਿੰਘ ਨੇ ਫੋਨ ਕਰਕੇ ਕਿਹਾ ਹੈ ਕਿ ਉਹ ਅੱਜ 26 ਅਪਰੈਲ ਦੀ ਬਜਾਇ 27 ਅਪਰੈਲ ਨੂੰ ਪੁਲੀਸ ਕੋਲ ਪੇਸ਼ ਹੋਣ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਦਿੱਲੀ ਵਿੱਚ ਬੈਠੇ ਮੁੱਖ ਮੰਤਰੀ ਪੁਲੀਸ ਨੂੰ ਨਿਰਦੇਸ਼ ਦੇਣਗੇ ਤਾਂ ਇਹੀ ਕੁੱਝ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਚਹੇਤੇ ਰਾਜ ਸਭਾ ਮੈਂਬਰ ਦਾ ਕੰਟਰੋਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲੀਸ ਨੂੰ ਦੱਸ ਦਿੱਤਾ ਹੈ ਕਿ ਉਹ ਅੱਜ 26 ਅਪਰੈਲ ਦੀ ਬਜਾਇ 27 ਅਪਰੈਲ ਨੂੰ ਵੀ ਪੇਸ਼ ਹੋਣ ਲਈ ਬਿਲਕੁਲ ਤਿਆਰ ਹਨ। ਇਸ ਸਬੰਧੀ ਰੂਪਨਗਰ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕਾਂਗਰਸੀ ਆਗੂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਤਫਤੀਸ਼ੀ ਅਧਿਕਾਰੀ ਦੇ ਅੱਜ ਛੁੱਟੀ ’ਤੇ ਹੋਣ ਕਾਰਨ ਪੇਸ਼ੀ ਦਾ ਸਮਾਂ ਇੱਕ ਦਿਨ ਲਈ ਅੱਗੇ ਪਾਇਆ ਗਿਆ ਹੈ, ਜਿਸ ਦੀ ਸਮੇਂ ਸਿਰ ਸੂਚਨਾ ਦੇ ‌ਦਿੱਤੀ ਗਈ ਸੀ।

You must be logged in to post a comment Login