ਹਿਮਾਚਲ ਪੁਲੀਸ ਨੇ ਮੋਰਿੰਡਾ ਦੇ ਹਰਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ

ਹਿਮਾਚਲ ਪੁਲੀਸ ਨੇ ਮੋਰਿੰਡਾ ਦੇ ਹਰਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ

ਮੋਰਿੰਡਾ 11 ਮਈ- ਇਸ ਸ਼ਹਿਰ ਦੇ ਵਾਰਡ ਨੰਬਰ ਇਕ ਦੇ ਵਾਸੀ ਹਰਵੀਰ ਸਿੰਘ ਉਰਫ਼ ਰਾਜੂ ਨੂੰ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਗਿ੍ਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਹੋਈ ਹੈ। ਡੀਐੱਸਪੀ ਜਰਨੈਲ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਪੁਲੀਸ ਸਵੇਰੇ ਐੱਸਆਈਟੀ ਦੇ ਇੰਚਾਰਜ ਵਿਮੁਕਤ ਰੰਜਨ ਦੀ ਅਗਵਾਈ ਵਿੱਚ ਮੋਰਿੰਡਾ ਪਹੁੰਚੀ ਸੀ। ਪੁਲੀਸ ਨੇ ਆਪਣੀ ਆਮਦ ਬਾਰੇ ਮੋਰਿੰਡਾ ਪੁਲੀਸ ਨੂੰ ਸੂਚਨਾ ਦੇਣ ਬਾਅਦ ਮੋਰਿੰਡਾ ਸ਼ੂਗਰ ਮਿੱਲ ਰੋਡ ’ਤੇ ਵਾਰਡ ਨੰਬਰ ਇਕ ਦੇ ਸਵਰਗੀ ਰਜਿੰਦਰ ਸਿੰਘ ਦੇ ਘਰ ਛਾਪੇ ਦੌਰਾਨ ਹਰਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਪੁਲੀਸ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਤਹਿਸੀਲ ਵਿੱਚ ਪੈਂਦੇ ਪਿੰਡ ਰੁੜਕੀ ਹੀਰਾਂ ਵਿੱਚ ਮੇਹਰ ਸਿੰਘ ਦੇ ਘਰ ਵਿੱਚ ਵੀ ਉਸ ਦੇ ਪੁੱਤਰ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲਿਆ। ਡੀਐੱਸਪੀ ਨੇ ਦੱਸਿਆ ਕਿ ਹਿਮਾਚਲ ਪੁਲੀਸ ਨੇ ਮੋਰਿੰਡਾ ਪੁਲੀਸ ਨੂੰ ਇਹ ਸੂਚਨਾ ਦਿੱਤੀ ਸੀ ਕਿ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮੁੱਖ ਗੇਟ ’ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਹਰਵੀਰ ਸਿੰਘ ਉਰਫ ਰਾਜੂ ਮੋਰਿੰਡਾ ਦਾ ਰਹਿਣ ਵਾਲਾ ਹੈ ਅਤੇ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਈ ਹੈ। ਇਸ ਸਬੰਧੀ ਬਕਾਇਦਾ ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਮੋਰਿੰਡਾ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਗਈ ਹੈ।

You must be logged in to post a comment Login