ਵਾਤਾਵਰਨ ਸੰਭਾਲ ਲਈ ਫਾਜ਼ਿਲਕਾ ਦੇ 75 ਪਿੰਡਾਂ ਵਿਚ ਬਣਾਏ ਜਾ ਰਹੇ ਹਨ ਮਿੰਨੀ-ਜੰਗਲ

ਵਾਤਾਵਰਨ ਸੰਭਾਲ ਲਈ ਫਾਜ਼ਿਲਕਾ ਦੇ 75 ਪਿੰਡਾਂ ਵਿਚ ਬਣਾਏ ਜਾ ਰਹੇ ਹਨ ਮਿੰਨੀ-ਜੰਗਲ

ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ‘ਚ ਹਰਿਆਲੀ ਵਧਾਉਣ ਲਈ ਮੀਆਵਾਕੀ ਤਕਨੀਕ ਦੀ ਵਰਤੋਂ ਕਰਕੇ ਮੇਰਾ ਪਿੰਡ, ਮੇਰਾ ਜੰਗਲਾਤ ਪ੍ਰੋਜੈਕਟ ਤਹਿਤ 75 ਸਥਾਨਕ ਪਿੰਡਾਂ ‘ਚ ਮਿੰਨੀ-ਵਣ ਵਿਕਸਿਤ ਕੀਤੇ ਜਾ ਰਹੇ ਹਨ। ਮੀਆਵਾਕੀ ਤਕਨੀਕ ਦਾ ਨਾਮ ਜਾਪਾਨੀ ਵਿਗਿਆਨੀ ਅਤੇ ਪੌਦਾ ਵਾਤਾਵਰਨ ਵਿਗਿਆਨੀ ਅਕੀਰਾ ਮੀਆਵਾਕੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਹ ਇਕ ਸ਼ਹਿਰੀ ਵਣਕਰਨ ਵਿਧੀ ਹੈ ਜੋ ਕਿ ਛੋਟੀ ਜਿਹੀ ਥਾਂ ‘ਚ ਵੀ ਵਧੇਰੇ ਰੁੱਖ ਲਾਉਣ ਦੀ ਤਕਨੀਕ ਹੈ ਕਿਉਕਿ ਘੱਟ ਜਗ੍ਹਾ ‘ਚ ਲਾਏ ਰੁੱਖ ਜਲਦੀ ਵੱਧਦੇ ਹਨ ਅਤੇ ਰੋਸ਼ਨੀ ਲੈਣ ਲਈ ਇਕ ਦੂਸਰੇ ਨਾਲ ਮੁਕਾਬਲਾ ਕਰਦੇ ਹਨ।

ਇਸ ਸੰਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਸਮੇਂ ਸਵੱਛ ਵਾਤਾਵਰਨ ਦੀ ਲੋੜ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਰੁੱਖਾਂ ਦੀ ਵੱਡੀ ਗਿਣਤੀ ਵਿਚ ਲੋੜ ਹੈ। ਇਸ ਦੇ ਚੱਲਦਿਆਂ ਹੀ ਇਹ ਪ੍ਰੋਜੈਕਟ ਇੰਨਾਂ ਪਿੰਡਾਂ ‘ਚ ਸ਼ੁਰੂ ਕੀਤਾ ਗਿਆ ਹੈ। ਇਸ ਪੰਚਾਇਤੀ ਜ਼ਮੀਨਾਂ ‘ਤੇ ਮਿੰਨੀ-ਵਣ ਵਿਕਸਿਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੁਹਾਰਿਆਂਵਾਲੀ ਅਤੇ ਹਰੀਪੁਰਾ ਪਿੰਡਾਂ ‘ਚ ਮਿੰਨੀ ਜੰਗਲ ਲਗਾਏ ਗਏ ਸਨ, ਜਿਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਅਤੇ ਵਿਭਾਗ ਨੂੰ ਇਸ ਹਰਿਆਲੀ ਪ੍ਰੋਜੈਕਟ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 75 ਪਿੰਡਾਂ ਵਿੱਚ ਜੰਗਲਾਤ ਦੇ ਟੀਚੇ ਦੇ ਮੁਕਾਬਲੇ ਪਿੰਡ ਚੱਕ ਬਨਵਾਲਾ ਵਿਚ 4 ਕਨਾਲਾਂ, ਬਣਾਂਵਾਲੀ ਵਿਚ 1 ਏਕੜ, ਬਨਵਾਲੀ ਵਿਚ 1.5 ਏਕੜ ਵਿਚ ਦਰੱਖਤ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪੱਕਣ ਵਿਚ ਤਿੰਨ ਕਨਾਲਾਂ, ਰਾਣਾ ਪਿੰਡ ਵਿਚ ਇੱਕ ਏਕੜ, ਖੂਈਖੇੜਾ ਵਿਚ ਇੱਕ ਏਕੜ ਜਦੋਂਕਿ ਬਾਕੀ ਪਿੰਡਾਂ ਵਿਚ ਕੰਮ ਚੱਲ ਰਿਹਾ ਹੈ।

You must be logged in to post a comment Login