ਸਿਸਟਮ ਸੈੱਟ ਕਰਨ ਲਈ ਥੋੜ੍ਹਾ ਸਮਾਂ ਦਿਓ-ਭਗਵੰਤ ਮਾਨ

ਸਿਸਟਮ ਸੈੱਟ ਕਰਨ ਲਈ ਥੋੜ੍ਹਾ ਸਮਾਂ ਦਿਓ-ਭਗਵੰਤ ਮਾਨ

ਭਵਾਨੀਗੜ੍ਹ, 16 ਜੂਨ-ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਨੌਜਵਾਨਾਂ ਵੱਲੋਂ ਰਵਿਦਾਸ ਭਗਤ ਜੀ ਦੇ 494ਵੇਂ ਜੋਤੀ-ਜੋਤ ਦਿਵਸ ਨੂੰ ਸਮਰਪਿਤ ਲਗਾਈ ਗਈ ਠੰਢੇ-ਮਿੱਠੇ ਜਲ ਦੀ ਛਬੀਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਕਾਫਲਾ ਰੋਕ ਕੇ ਪਾਣੀ ਪੀਤਾ ਅਤੇ ਛਬੀਲ ਤੇ ਮੌਜੂਦ ਨੌਜਵਾਨਾਂ ਵੱਲੋਂ ਵੱਖ ਵੱਖ ਮੁੱਦਿਆਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੌਜਵਾਨਾਂ ਦੇ ਹਰ ਸਵਾਲ ਦਾ ਬਹੁਤ ਹੀ ਠਰੰਮੇ ਨਾਲ ਜਵਾਬ ਦਿੰਦਿਆਂ ਨੌਜਵਾਨਾਂ ਨੂੰ ਥੋੜ੍ਹਾ ਸਮਾਂ ਦੇਣ ਦੀ ਅਪੀਲ ਕੀਤੀ ਤਾਂ ਕਿ ਸਰਕਾਰ ਦੇ ਸਿਸਟਮ ਨੂੰ ਸੈੱਟ ਕੀਤਾ ਜਾ ਸਕੇ। ਮੁੱਖ ਮੰਤਰੀ ਨੌਜਵਾਨਾਂ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਇੱਥੋਂ ਪਾਣੀ ਪੀ ਕੇ ਰਵਾਨਾ ਹੋ ਗਏ।ਮੁੱਖ ਮੰਤਰੀ ਨੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਹੁਣ ਤੱਕ ਵੱਖ-ਵੱਖ ਵਿਅਕਤੀਆਂ ਦੇ ਨਾਜਾਇਜ਼ ਕਬਜ਼ੇ ਹੇਠਲੀ ਪਿੰਡਾਂ ਦੀ 5700 ਏਕੜ ਪੰਚਾਇਤੀ ਜ਼ਮੀਨ ਛੁਡਵਾ ਲਈ ਗਈ ਹੈ, ਜਿਸ ਵਿੱਚੋਂ 1900 ਏਕੜ ਦਲਿਤ ਭਾਈਚਾਰੇ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਜਾਤ-ਪਾਤ ਤੋਂ ਹਰ ਵਿਅਕਤੀ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰੇਗੀ। ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਨੌਜਵਾਨਾਂ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਅਗਲਾ ਨੰਬਰ ਪੁੱਛੇ ਜਾਣ ‘ਤੇ ਸ੍ਰੀ ਮਾਨ ਨੇ ਕਿਹਾ ਕਿ ਪਿਛਲੇ ਸਮੇਂ ’ਚ ਘਪਲੇ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਇਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ।

You must be logged in to post a comment Login