ਵਿਜੀਲੈਂਸ ਨੇ ਰਿਸ਼ਵਤਖ਼ੋਰੀ ਦੇ ਮਾਮਲੇ ’ਚ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਗ੍ਰਿਫਤਾਰ

ਵਿਜੀਲੈਂਸ ਨੇ ਰਿਸ਼ਵਤਖ਼ੋਰੀ ਦੇ ਮਾਮਲੇ ’ਚ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਗ੍ਰਿਫਤਾਰ

ਮੁਹਾਲੀ, 21 ਜੂਨ- ਪੰਜਾਬ ਵਿਜੀਲੈਂਸ ਬਿਊਰੋ ਨੇ ਲੰਘੀ ਰਾਤ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਆਈਏਐੱਸ ਸੰਜੇ ਪੋਪਲੀ ਨੂੰ ਰਿਸ਼ਵਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ। ਉਸ ਦੇ ਨਾਲ ਸੁਪਰਡੈਂਟ ਸੰਜੇ ਵਤਸ ਨੂੰ ਵੀ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਦੋਵਾਂ ਖ਼ਿਲਾਫ਼ ਠੇਕੇਦਾਰ ਕੋਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਣ ਅਤੇ ਇੰਨੇ ਹੀ ਪੈਸੇ ਹੋਰ ਮੰਗਣ ਦੇ ਦੋਸ਼ ਹਨ। ਠੇਕੇਦਾਰ ਨੇ ਰਿਕਾਰਡਿੰਗ ਸਮੇਤ ਦਾਇਰ ਕੀਤੀ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਉਸ ਤੋਂ 1 ਫੀਸਦੀ ਕਮਿਸ਼ਨ ਮੰਗਿਆ ਗਿਆ ਸੀ। ਵਿਜੀਲੈਂਸ ਮੁਤਾਬਕ ਇਹ ਮਾਮਲਾ ਕਾਂਗਰਸ ਦੇ ਤੱਤਕਾਲੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਸਮੇਂ ਦਾ ਹੈ, ਜਦੋਂ ਸੰਜੇ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਸੀ। ਅੱਜ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਐਂਟੀ-ਕੁਰੱਪਸ਼ਨ ਹੈਲਪ ਲਾਈਨ ’ਤੇ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੰਮੇ ਅਰਸੇ ਬਾਅਦ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਿਸੇ ਆਈਏਐੱਸ ਅਫਸਰ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੀਸੀਐੱਸ ਤੋਂ ਆਈਏਐੱਸ ਬਣਿਆ ਇਹ ਅਫਸਰ ਅਕਸਰ ਚਰਚਾ ’ਚ ਰਿਹਾ ਹੈ। ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਨਾਲ ਸਬੰਧਤ ਕਈ ਹੋਰ ਅਫਸਰਾਂ ਨੂੰ ਵੀ ਤਰੇਲੀਆਂ ਆਉਣ ਲੱਗੀਆਂ ਹਨ। ਇਹ ਵਿਭਾਗ ਕਾਂਗਰਸ ਸਰਕਾਰ ਦੇ ਸਮੇਂ ਵਿਵਾਦਾਂ ਤੇ ਸੁਰਖ਼ੀਆਂ ’ਚ ਵੀ ਰਿਹਾ ਹੈ।

You must be logged in to post a comment Login