ਨਿਊਜ਼ੀਲੈਂਡ ਦੀਆਂ ਤੀਸਰੀਆਂ ਅਤੇ ਚੌਥੀਆਂ ‘ਸਿੱਖ ਖੇਡਾਂ’ ਦਾ ਹੋਇਆ ਐਲਾਨ

ਨਿਊਜ਼ੀਲੈਂਡ ਦੀਆਂ ਤੀਸਰੀਆਂ ਅਤੇ ਚੌਥੀਆਂ ‘ਸਿੱਖ ਖੇਡਾਂ’ ਦਾ ਹੋਇਆ ਐਲਾਨ

ਆਕਲੈਂਡ (PE)- NZ Sikh Games ਦੀ ਕਮੇਟੀ ਵੱਲੋਂ ਸਾਲ 2022 ਲਈ ਤੀਸਰੀਆਂ ਅਤੇ ਚੌਥੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਬਰੂਸ ਪੁਲਮੈਨ ਪਾਰਕ ਦੇ ਸੈਮੀਨਾਰ ਹਾਲ ਵਿੱਚ ਸਪੌਸਰਾਂ, ਖੇਡ ਕਲੱਬਾਂ, ਸਹਿਯੋਗੀਆਂ ਅਤੇ ਮੀਡੀਆ ਕਰਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ। ਪਿਛਲੇ ਸਾਲ ਕੋਵਿਡ ਦੇ ਸਖ਼ਤ ਨਿਯਮਾਂ ਦੇ ਚੱਲਦਿਆਂ ਪੂਰੀਆਂ ਤਿਆਰੀਆਂ ਦੇ ਬਾਵਜੂਦ ਵੀ ਇਹ ਖੇਡਾਂ ਨਹੀ ਸੀ ਹੋ ਸਕੀਆਂ। ਇਸੇ ਲਈ ਇਸ ਸਾਲ ਤੀਸਰੇ ਅਤੇ ਚੌਥੇ ਸਾਲ ਦੀਆਂ ਖੇਡਾਂ ਇਕੱਠੀਆਂ ਕਰਵਾਈਆਂ ਜਾਣਗੀਆਂ। ਪ੍ਰੋਗਰਾਮ ਦੀ ਸ਼ੁਰੂਆਤ ਸ. ਨਵਤੇਜ ਰੰਧਾਵਾ ਅਤੇ ਸ. ਸ਼ਰਨਦੀਪ ਸਿੰਘ ਵੱਲੋ ਸਾਂਝੇ ਤੌਰ ‘ਤੇ ਕੀਤੀ ਗਈ, ਜਿਥੇ ਉਹਨਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਉਪਰੰਤ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਹੋਰਾਂ ਨੇ ਜਿੱਥੇ ਬੀਤੇ ਦੋ ਵਰ੍ਹੇ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਉੱਥੇ ਈ ਭਰੋਸਾ ਦਿਵਾਇਆ ਕਿ ਇਸ ਵਰ੍ਹੇ ਇਹ ਖੇਡਾਂ ਹੋਰ ਵੀ ਜਾਹੋ ਜਲਾਲ ਨਾਲ ਹੋਣਗੀਆਂ ਅਤੇ ਵੱਧ ਤੋ ਵੱਧ ਸਿੱਖ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਇਹਨਾਂ ਖੇਡਾਂ ਨਾਲ ਜੋੜਿਆ ਜਾਵੇਗਾ। ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਬੈਂਸ ਨੇ ਆਪਣੇ ਸੰਬੋਧਨ ‘ਚ ਜਿਥੇ ਇਹਨਾਂ ਖੇਡਾਂ ਅਤੇ ਖੇਡ ਮਨੈਜਮੇਂਟ ਵਿੱਚ ਵੱਧ ਤੋ ਵੱਧ ਔਰਤਾਂ ਦੀ ਸ਼ਮੂਲੀਅਤ ‘ਤੇ ਜ਼ੋਰ ਦਿੱਤਾ, ਉਥੇ ਈ ਦੱਸਿਆ ਕਿ ਇਸ ਵਾਰ ਦੀਆਂ ਖੇਡਾਂ ਵਿੱਚ ਪੰਜਾਬੀ ਮੁੰਡਿਆਂ ਦੇ ਰੱਗਬੀ ਦੇ ਸ਼ੋਅ ਮੈਚ ਵੀ ਹੋਣਗੇ ਤਾਂ ਜੋ ਆਉਂਦੇ ਸਾਲਾਂ ‘ਚ ਨਿਊਜ਼ੀਲੈਂਡ ਦੀ ਇਸ ਨੈਸ਼ਨਲ ਖੇਡ ਨੂੰ ਵੀ ਇਹਨਾਂ ਖੇਡਾਂ ਵਿੱਚ ਅਧਿਕਾਰਿਤ ਤੌਰ ‘ਤੇ ਸ਼ਾਮਲ ਕੀਤਾ ਜਾ ਸਕੇ।

You must be logged in to post a comment Login