ਰਾਸ਼ਟਰਮੰਡਲ ਖੇਡਾਂ: ਭਾਰਤੀ ਹਾਕੀ ਟੀਮ ’ਚ ਪੰਜਾਬ ਦੇ 11 ਖਿਡਾਰੀ ਸ਼ਾਮਲ

ਰਾਸ਼ਟਰਮੰਡਲ ਖੇਡਾਂ: ਭਾਰਤੀ ਹਾਕੀ ਟੀਮ ’ਚ ਪੰਜਾਬ ਦੇ 11 ਖਿਡਾਰੀ ਸ਼ਾਮਲ

ਜਲੰਧਰ, 27  ਜੂਨ- ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ 28 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਲਈ ਐਲਾਨੀ ਭਾਰਤੀ ਹਾਕੀ ਟੀਮ ਵਿੱਚ 11 ਖਿਡਾਰੀ ਪੰਜਾਬ ਨਾਲ ਸਬੰਧਤ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਪੰਜਾਬੀ ਖਿਡਾਰੀਆਂ ਨੇ ਹਮੇਸ਼ਾਂ ਹੀ ਭਾਰਤੀ ਹਾਕੀ ’ਤੇ ਸਰਦਾਰੀ ਕੀਤੀ ਹੈ। ਪਿਛਲੇ ਸਾਲ ਟੋਕੀਓ ਵਿੱਚ ਹੋਏ ਓਲੰਪਿਕ ਮੁਕਾਬਲਿਆਂ ਵਿੱਚ ਭਾਰਤੀ ਹਾਕੀ ਨੇ 42 ਸਾਲਾਂ ਬਾਅਦ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਇਸ ਟੀਮ ਵਿੱਚ ਵੀ 11 ਖਿਡਾਰੀ ਪੰਜਾਬ ਨਾਲ ਸਬੰਧਤ ਸਨ। ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਇਹ ਤਗ਼ਮਾ ਹਾਸਲ ਕੀਤਾ ਸੀ। ਟੀਮ ਵਿੱਚ ਇਸ ਵਾਰ ਰੁਪਿੰਦਰ ਪਾਲ ਸਿੰਘ ਤੇ ਸਿਮਰਨਜੀਤ ਸਿੰਘ ਨੂੰ ਥਾਂ ਨਹੀਂ ਦਿੱਤੀ ਗਈ, ਜਦਕਿ ਇਨ੍ਹਾਂ ਦੀ ਥਾਂ ਨੌਜਵਾਨ ਖਿਡਾਰੀ ਜੁਗਰਾਜ ਸਿੰਘ ਅਤੇ ਆਕਾਸ਼ਦੀਪ ਸਿੰਘ ਨੂੰ ਟੀਮ ਵਿੱਚ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਟੀਮ ਵਿੱਚ ਕ੍ਰਿਸ਼ਨਾ ਬਹਾਦਰ ਪਾਠਕ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਸ਼ਾਮਲ ਹਨ।

You must be logged in to post a comment Login