ਸਕੂਲੀ ਬੱਚਿਆਂ ਸਣੇ 12 ਹਲਾਕ, ਤਿੰਨ ਜ਼ਖ਼ਮੀ
ਸ਼ਿਮਲਾ, 4 ਜੁਲਾਈ, ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ ਸਵੇੇਰੇ ਸਾਢੇ ਅੱਠ ਵਜੇ ਦੇ ਕਰੀਬ ਨਿੱਜੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਨਾਲ 12 ਵਿਅਕਤੀ ਹਲਾਕ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਕੁਝ ਸਕੂਲੀ ਬੱਚੇ ਵੀ ਦੱਸੇ ਜਾਂਦੇ ਹਨ। ਹਾਲਾਂਕਿ ਪਹਿਲਾਂ ਮ੍ਰਿਤਕਾਂ ਦੀ ਗਿਣਤੀ 16 ਦੱਸੀ ਗਈ ਸੀ ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸ਼ੈਨਸਰ ਤੋਂ ਸੈਂਜ ਜਾ ਰਹੀ ਬੱਸ ਜਾਂਗੜਾ ਪਿੰਡ ਨੇੜੇ ਖੱਡ ਵਿੱਚ ਡਿੱਗ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਰਾਹਤ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮ੍ਰਿਤਕਾਂ ਦੇ ਵਾਰਿਸਾਂ ਲਈ ਦੋ-ਦੋ ਲੱਖ ਰੁਪੲੇ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਟਵੀਟ ਵਿੱਚ ਸ੍ਰੀ ਮੋਦੀ ਦੇ ਹਵਾਲੇ ਨਾਲ ਕਿਹਾ, ‘‘ਮੈਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਆਸ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਵੱਲੋਂ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕੀਤੀ ਜਾ ਰਹੀ ਹੈ।’’ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕਾਂਗਰਸ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁਖ ਜਤਾਇਆ ਹੈ।
You must be logged in to post a comment Login