ਏਕਨਾਥ ਸ਼ਿੰਦੇ ਸਰਕਾਰ ਬਹੁਮਤ ਸਾਬਤ ਕਰਨ ਵਿੱਚ ਸਫ਼ਲ

ਏਕਨਾਥ ਸ਼ਿੰਦੇ ਸਰਕਾਰ ਬਹੁਮਤ ਸਾਬਤ ਕਰਨ ਵਿੱਚ ਸਫ਼ਲ

ਮੁੰਬਈ, 4 ਜੁਲਾਈ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਦੂਜੇ ਤੇ ਆਖਰੀ ਦਿਨ ਅੱਜ ਸੂਬਾਈ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਵਿੱਚ ਸਫ਼ਲ ਰਹੇ। 288 ਮੈਂਬਰੀ ਸਦਨ ਵਿੱਚ 164 ਵਿਧਾਇਕਾਂ ਨੇ ਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ ਜਦੋਂਕਿ 99 ਵਿਧਾਇਕ ਵਿਰੋਧ ਵਿੱਚ ਭੁਗਤੇ। ਤਿੰਨ ਵਿਧਾਇਕ ਵੋਟਿੰਗ ਅਮਲ ਵਿੱਚ ਸ਼ਾਮਲ ਨਹੀਂ ਹੋਏ ਜਦੋਂਕਿ 21 ਵਿਧਾਇਕ ਜਿਨ੍ਹਾਂ ਵਿੱਚ ਕਾਂਗਰਸ ਦੇ ਅਸ਼ੋਕ ਚਵਾਨ ਤੇ ਵਿਜੈ ਵਡੇਤੀਵਾਰ ਸ਼ਾਮਲ ਸਨ, ਭਰੋਸਗੀ ਮਤੇ ਦੌਰਾਨ ਗੈਰਹਾਜ਼ਰ ਰਹੇ। ਸਪੀਕਰ ਰਾਹੁਲ ਨਾਰਵੇਕਰ ਨੇ ਵੋਟਿੰਗ ਮਗਰੋਂ ਨਤੀਜੇ ਦਾ ਐਲਾਨ ਕੀਤਾ। ਇਕ ਸ਼ਿਵ ਸੈਨਾ ਵਿਧਾਇਕ ਦੀ ਮੌਤ ਕਰਕੇ ਅਸੈਂਬਲੀ ਦੀ ਮੌਜੂਦਾ ਸਮਰੱਥਾ ਘੱਟ ਕੇ 287 ਰਹਿ ਗਈ ਸੀ, ਲਿਹਾਜ਼ਾ ਬਹੁਮਤ ਸਾਬਤ ਕਰਨ ਲਈ ਏਕਨਾਥ ਸ਼ਿੰਦੇ ਸਰਕਾਰ ਨੂੰ 144 ਵਿਧਾਇਕਾਂ ਦੀ ਹਮਾਇਤ ਦਾ ਅੰਕੜਾ ਲੋੜੀਂਦਾ ਸੀ। ਫਲੋਰ ਟੈਸਟ ਮੌਕੇ ਸਪਾ ਦੇ ਦੋ ਵਿਧਾਇਕ ਤੇ ਏਆਈਐੱਮਆਈਐੱਮ ਦਾ ਇਕ ਵਿਧਾਇਕ ਵੋਟਿੰਗ ਤੋਂ ਲਾਂਭੇ ਰਹੇ। ਕਾਂਗਰਸ ਦੇ 11 ਵਿਧਾਇਕ- ਅਸ਼ੋਕ ਚਵਾਨ, ਵਿਜੈ ਵਡੇਤੀਵਾਰ, ਧੀਰਜ ਦੇਸ਼ਮੁੱਖ, ਪ੍ਰਨਿਤੀ ਸ਼ਿੰਦੇ, ਜਿਤੇਸ਼ ਅੰਤਾਪੁਰਕਰ, ਜ਼ੀਸ਼ਾਨ ਸਿੱਦਿਕੀ, ਰਾਜੂ ਅਵਾਲੇ, ਮੋਹਨ ਹੰਬਾਰਡੇ, ਕੁਨਾਲ ਪਾਟਿਲ, ਮਾਧਵਰਾਓ ਜਵਾਲਗਾਓਂਕਰ ਤੇ ਸਿਰੀਸ਼ ਚੌਧਰੀ ਫਲੋਰ ਟੈਸਟ ਮੌਕੇ ਗ਼ੈਰਹਾਜ਼ਰ ਸਨ। ਚਵਾਨ ਤੇ ਵਡੇਤੀਵਾਰ ਦੇਰ ਨਾਲ ਆਏ ਤੇ ਵੋਟਿੰਗ ਮੌਕੇ ਸਦਨ ਵਿੱਚ ਦਾਖ਼ਲ ਨਹੀਂ ਹੋ ਸਕੇ। ਤਿੰਨ ਐੱਨਸੀਪੀ ਵਿਧਾਇਕ- ਅਨਿਲ ਦੇਸ਼ਮੁੱਖ, ਦਤਾਤ੍ਰੇਅ ਭਰਣੇ, ਅੰਨਾ ਬਨਸੋੜੇ, ਬਾਬਨਦਾਦਾ ਸ਼ਿੰਦੇ ਤੇ ਸੰਗਰਾਮ ਜਗਤਾਪ ਵੀ ਗੈਰਹਾਜ਼ਰ ਰਹੇ। ਦੋ ਭਾਜਪਾ ਵਿਧਾਇਕ ਮੁਕਤਾ ਤਿਲਕ ਤੇ ਲਕਸ਼ਮਣ ਜਗਤਾਪ ਗੰਭੀਰ ਬਿਮਾਰ ਹੋਦਣ ਕਰਕੇ ਸਦਨ ਵਿੱਚ ਨਹੀਂ ਆਏ। ਰਾਹੁਲ ਨਾਰਵੇਕਰ ਸਪੀਕਰ ਹੋਣ ਕਰਕੇ ਵੋਟ ਨਹੀਂ ਪਾ ਸਕੇ। ਉਂਜ ਵੋਟਿੰਗ ਮੌਕੇ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ‘ਈਡੀ ਈਡੀ’ ਦੇ ਨਾਅਰੇ ਲਾੲੇ। ਭਾਜਪਾ ਆਗੂ ਨੇ ਕਿਹਾ ਕਿ ਇਹ ਸੱਚ ਹੈ ਕਿ ਨਵੀਂ ਸਰਕਾਰ ਈਡੀ ਵੱਲੋਂ ਬਣਾਈ ਗਈ ਹੈ। ਈਡੀ ਤੋਂ ਭਾਵ ਹੈ ੲੇਕਨਾਥ ਤੇ ਦੇਵੇਂਦਰ।

You must be logged in to post a comment Login