ਸਕਾਟਲੈਂਡ: ਟਾਈਮ ਆਊਟ ਸਰਵੇਖਣ ਅਨੁਸਾਰ ਗਲਾਸਗੋ ਨੂੰ ਦੁਨੀਆ ਦੇ ਤੀਜੇ ਸਭ ਤੋਂ ਗੰਦੇ ਸ਼ਹਿਰ ਦਾ ਦਰਜਾ

ਸਕਾਟਲੈਂਡ: ਟਾਈਮ ਆਊਟ ਸਰਵੇਖਣ ਅਨੁਸਾਰ ਗਲਾਸਗੋ ਨੂੰ ਦੁਨੀਆ ਦੇ ਤੀਜੇ ਸਭ ਤੋਂ ਗੰਦੇ ਸ਼ਹਿਰ ਦਾ ਦਰਜਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਦੇਸ਼ਾਂ ਵਿੱਚ ਅਕਸਰ ਹੀ ਵੱਖ ਵੱਖ ਸ਼ਹਿਰਾਂ ਦੀ ਖੂਬਸੂਰਤੀ, ਭੱਦੇਪਣ, ਖਾਣ-ਪੀਣ, ਮਿਲਾਪੜੇਪਣ ਆਦਿ ਸੰਬੰਧੀ ਸਰਵੇਖਣ ਹੁੰਦੇ ਰਹਿੰਦੇ ਹਨ। ਆਨਲਾਈਨ ਸਰਵੇਖਣਾਂ ਰਾਹੀਂ ਮਿਥ ਲਿਆ ਜਾਂਦਾ ਹੈ ਕਿ ਵਧੇਰੇ ਲੋਕ ਕਿਸ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹੇ ਹਨ। ਟਾਈਮ ਆਉਟ ਇੰਡੈਕਸ 2022 ਨੇ ਦੁਨੀਆ ਭਰ ਦੇ ਲੋਕਾਂ ਨੂੰ ਉਨ੍ਹਾਂ ਦੇ ਸਥਾਨਕ ਸ਼ਹਿਰਾਂ, ਕਲਾ ਅਤੇ ਸੱਭਿਆਚਾਰ ਤੋਂ ਲੈ ਕੇ ਬਾਰਾਂ ਅਤੇ ਰੈਸਟੋਰੈਂਟਾਂ ਬਾਰੇ ਵਿਸ਼ੇਸ਼ ਸਰਵੇਖਣ ਕੀਤਾ ਤਾਂ ਇਸ ਆਨਲਾਈਨ ਸਰਵੇਖਣ ਲਈ 27,000 ਤੋਂ ਵੱਧ ਲੋਕਾਂ ਦੇ ਜਵਾਬ ਦੇਣ ਤੋਂ ਬਾਅਦ, ਟਾਈਮ ਆਉਟ ਨੇ ਦੁਨੀਆ ਦੇ ਸਭ ਤੋਂ ਗੰਦੇ ਸ਼ਹਿਰਾਂ ਦਾ ਨਾਮ ਜਨਤਕ ਕੀਤਾ ਹੈ। ਜਿਸ ਤਹਿਤ ਸਾਹਮਣੇ ਆਇਆ ਹੈ ਕਿ ਇਸ ਸਰਵੇਖਣ ਅਨੁਸਾਰ ਗਲਾਸਗੋ ਲਈ ਚੰਗੀ ਖ਼ਬਰ ਨਹੀਂ ਹੈ। ਰੋਮ ਅਤੇ ਨਿਊਯਾਰਕ ਸਿਟੀ ਨੂੰ ਪਿੱਛੇ ਛੱਡ ਕੇ, ਗਲਾਸਗੋ ਸ਼ਹਿਰ ਨੂੰ ਦੁਨੀਆ ਦਾ ਤੀਜਾ ਸਭ ਤੋਂ ਗੰਦਾ ਦਰਜਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗਲਾਸਗੋ ਵਿੱਚ ਕੂੜਾ ਇੱਕ ਬਹੁਤ ਵੱਡਾ ਮੁੱਦਾ ਹੈ। ਇਸੇ ਕਰਕੇ ਹੀ ਗਲਾਸਗੋ ਨੂੰ ਗੰਦੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਗਿਣਿਆ ਗਿਆ ਹੈ। ਜਦਕਿ ਸਟੋਕਹੋਮ ਨੂੰ ਸਭ ਤੋਂ ਸਾਫ਼-ਸੁਥਰਾ ਨਾਮ ਦਿੱਤਾ ਗਿਆ ਹੈ। ਫਿਰ ਵੀ ਗਲਾਸਗੋ ਲਈ ਇਹ ਸਭ ਤੋਂ ਬੁਰੀ ਖ਼ਬਰ ਨਹੀਂ ਹੈ ਕਿਉਂਕਿ ਟਾਈਮ ਆਉਟ ਨੇ ਹਾਲ ਹੀ ਵਿੱਚ ਗਲਾਸਗੋ ਨੂੰ ਐਡਿਨਬਰਗ, ਸ਼ਿਕਾਗੋ ਤੋਂ ਬਾਅਦ 2022 ਵਿੱਚ ਦੇਖਣ ਲਈ ਦੁਨੀਆ ਦੇ ਚੌਥੇ ਸਭ ਤੋਂ ਵਧੀਆ ਸ਼ਹਿਰ ਵਜੋਂ ਨਾਮਜ਼ਦ ਕੀਤਾ। ਇਸ ਨਾਮਜਦਗੀ ਲਈ ਗਲਾਸਗੋ ਦੇ ਲੋਕਾਂ ਦੇ ਮਿਲਾਪੜੇ ਤੇ ਮਦਦਗਾਰ ਸੁਭਾਅ ਨੂੰ ਆਧਾਰ ਬਣਾਇਆ ਗਿਆ ਹੈ।

You must be logged in to post a comment Login