ਭਾਜਪਾ ਨੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਇਆ ਤਾਂ ਪਾਕਿਸਤਾਨ ਵਰਗਾ ਹਾਲ ਹੋਵੇਗਾ: ਗਹਿਲੋਤ

ਭਾਜਪਾ ਨੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਇਆ ਤਾਂ ਪਾਕਿਸਤਾਨ ਵਰਗਾ ਹਾਲ ਹੋਵੇਗਾ: ਗਹਿਲੋਤ

ਅਹਿਮਦਾਬਾਦ, 18 ਅਗਸਤ- ਰਾਜਸਥਾਨ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੱਤਾਧਾਰੀ ਭਾਜਪਾ ਨੇ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਦਾ ਹਾਲ ਵੀ ਪਾਕਿਸਤਾਨ ਵਰਗਾ ਹੋਵੇਗਾ। ਕਾਬਿਲੇਗੌਰ ਹੈ ਕਿ ਗੁਜਰਾਤ ਵਿਧਾਨ ਚੋਣਾਂ ਲਈ ਸ੍ਰੀ ਗਹਿਲੋਤ ਕਾਂਗਰਸ ਪਾਰਟੀ ਦੇ ਆਬਜ਼ਰਵਰ ਵੀ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਹਰ ਚੋਣ ਧਰਮ ਦੇ ਨਾਂ ’ਤੇ ਲੜਦੀ ਅਤੇ ਜਿੱਤਦੀ ਹੈ। ਮੌਜੂਦਾ ਸਮੇਂ ਸ੍ਰੀ ਗਹਿਲੋਤ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਹਨ ਅਤੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ। ਗੁਜਰਾਤ ਵਿੱਚ ਇਸ ਵਰ੍ਹੇ ਦਸੰਬਰ ਮਹੀਨੇ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਅੱਜ ਆਪਣੇ ਦੌਰੇ ਦੇ ਅੰਤਿਮ ਦਿਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਕੋਲ ਨਾ ਤਾਂ ਕੋਈ ਨੀਤੀ ਹੈ, ਨਾ ਹੀ ਕੋਈ ਯੋਜਨਾ ਹੈ ਤੇ ਨਾ ਹੀ ਕੋਈ ਵਿਕਾਸ ਮਾਡਲ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਚਿਤਾਵਨੀ ਦਿੱਤੀ ਕਿ ਜੇਕਰ ਭਾਜਪਾ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਦਾ ਹਸ਼ਰ ਵੀ ਪਾਕਿਸਤਾਨ ਵਰਗਾ ਹੋਵੇਗਾ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ‘ਗੁਜਰਾਤ ਮਾਡਲ’ ਦੇ ਨਾਂ ’ਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਭਾਜਪਾ ਨੇ ਕਈ ਸਮਾਜਿਕ ਕਾਰਕੁਨਾਂ ਸਣੇ ਪੱਤਰਕਾਰਾਂ ਨੂੰ ਵੀ ਜੇਲ੍ਹ ਵਿੱਚ ਡਕਿਆ ਹੈ।

You must be logged in to post a comment Login