ਜਲੰਧਰ : ਪੰਜਾਬ ਤੇ ਹਰਿਆਣਾ ਦੇ ਗੱਭਰੂਆਂ ਵਿਚ ਨਾਮਰਦੀ ਤੇਜ਼ੀ ਨਾਲ ਵੱਧ ਰਹੀ ਹੈ। 20 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਵਿਚ ਵੀ ਨਾਮਰਦੀ ਦੇ ਲੱਛਣ ਪਾਏ ਗਏ ਹਨ। 40 ਸਾਲ ਦੀ ਉਮਰ ਤੱਕ 40 ਫੀਸਦੀ ਨੌਜਵਾਨ ਨਾਮਰਦੀ ਵਿਚ ਚਲੇ ਜਾਂਦੇ ਹਨ। ਸੈਕਸ ਵਧਾਉਣ ਵਾਲੀਆਂ ਦਵਾਈਆਂ ਦਾ ਕਾਰੋਬਾਰ ਵੀ ਤੇਜ਼ੀ ਨਾਲ ਵਧਿਆ ਹੈ। ਉਪਰੋਕਤ ਤੱਥ ਪੀ. ਜੀ. ਆਈ. ਵੱਲੋਂ ਵਿਸ਼ਵ ਸੈਕਸ ਹੈਲਥ ਦਿਵਸ ਦੇ ਮੌਕੇ ’ਤੇ ਜਾਰੀ ਕੀਤੇ ਗਏ ਅਣ-ਅਧਿਕਾਰਤ ਅੰਕੜਿਆਂ ਵਿੱਚ ਦੱਸੇ ਗਏ ਹਨ। ਪੀ. ਜੀ. ਆਈ. ਦੇ ਯੂਰੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਸੰਤੋਸ਼ ਕੁਮਾਰ ਨੇ ਦੱਸਿਆ ਕਿ ਇੰਟਰਨੈੱਟ ਹੁਣ ਸੈਕਸ ਰੋਗਾਂ ਅਤੇ ਕਮਜ਼ੋਰੀ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੀ ਸੈਕਸ ਪ੍ਰਤੀ ਰੁਚੀ ਵਧਣੀ ਸ਼ੁਰੂ ਹੋ ਗਈ ਹੈ।
ਡਾਕਟਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਹਨ ਕਿ ਉਹ ਆਪਣੀ ਸੈਕਸ ਸਮੱਸਿਆ ਦਾ ਪਤਾ ਮੈਡੀਕਲ ਸਾਇੰਸ ਦੇ ਕਿਸੇ ਸੈਕਸਾਲੋਜਿਸਟ ਤੋਂ ਕਰਵਾ ਸਕਦੇ ਹਨ ਜਾਂ ਨਹੀਂ ਪਰ ਹਕੀਕਤ ਇਹ ਹੈ ਕਿ ਦੇਸ਼ ਵਿਚ ਅਜਿਹਾ ਕੋਈ ਵੀ ਕਿੱਤਾ ਜਾਇਜ਼ ਨਹੀਂ ਹੈ। ਉਨ੍ਹਾਂ ਇਹ ਨੁਕਤਾ ਦਿੱਤਾ ਕਿ ਸੈਕਸਾਲੋਜਿਸਟ ਜਾਂ ਆਪਣੀਆਂ ਦੁਕਾਨਾਂ ਚਲਾਉਣ ਵਾਲੇ ‘ਨੀਮ ਹਕੀਮਾਂ’ ਦੇ ਜਾਲ ਵਿਚ ਫਸੇ ਬਿਨਾਂ ਮਰੀਜ਼ ਨੂੰ ਯੂਰੋਲੋਜਿਸਟ ਦੀ ਸਲਾਹ ਲੈ ਕੇ ਆਪਣਾ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ ਤੇ ਔਰਤ ਮਰੀਜ਼ ਨੂੰ ਗਾਇਨਾਲੋਜਿਸਟ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਦੋਵੇਂ ਡਾਕਟਰੀ ਕਿੱਤੇ ਵਿਸ਼ਵ ਪੱਧਰ ’ਤੇ ਡਾਕਟਰੀ ਦ੍ਰਿਸ਼ਟੀਕੋਣ ਤੋਂ ਮਾਨਤਾ ਪ੍ਰਾਪਤ ਹਨ । ਇਨ੍ਹਾਂ ਦੀ ਰਿਪੋਰਟ ਅਤੇ ਇਲਾਜ ਪ੍ਰਣਾਲੀ ਨਾਲ ਹੀ ਮਰੀਜ਼ ਦਾ ਇਲਾਜ ਸੰਭਵ ਹੈ। ਅੰਕੜਿਆਂ ਮੁਤਾਬਕ ਭਾਰਤ ਦੁਨੀਆ ਦੀ ਨਾਮਰਦੀ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਇਕ ਖੋਜ ਮੁਤਾਬਕ 35 ਫੀਸਦੀ ਮਰਦਾਂ ਨੂੰ 40 ਸਾਲ ਦੀ ਉਮਰ ਤੋਂ ਪਹਿਲਾਂ ਤੇ 20 ਫੀਸਦੀ ਨੂੰ ਉਮਰ ਦੇ ਕਿਸੇ ਵੀ ਪੜਾਅ ’ਚ ਕਿਸੇ ਨਾ ਕਿਸੇ ਸੈਕਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 42 ਫੀਸਦੀ ਮਰਦ ਮਰੀਜ਼ ਡਾਕਟਰਾਂ ਵੱਲੋਂ ਦੱਸੀਆਂ ਦਵਾਈਆਂ ਤੋਂ ਇਲਾਵਾ ਸਸਤੇ ਇਲਾਜ ਦਾ ਬਦਲ ਲੱਭਦੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਘਾਤਕ ਸਿੱਧ ਹੁੰਦਾ ਹੈ। ਨਾਮਰਦੀ ਨੂੰ ਲੈ ਕੇ ਉਲਝਣ ’ਚ ਫਸੇ 75 ਫੀਸਦੀ ਮਰਦ ਅਤੇ 66 ਫੀਸਦੀ ਔਰਤਾਂ ਆਪਣੀ ਉਮਰ ਨੂੰ ਇਸ ਦਾ ਵੱਡਾ ਕਾਰਨ ਮੰਨਦੇ ਹਨ। ਅੰਕੜੇ ਉਦੋਂ ਹੋਰ ਵੀ ਹੈਰਾਨ ਕਰਨ ਵਾਲੇ ਬਣ ਜਾਂਦੇ ਹਨ ਜਦੋਂ ਇਸ ਬਿਮਾਰੀ ਕਾਰਨ ਜੋੜੇ ਵੱਖ ਹੋ ਜਾਂਦੇ ਹਨ। 28 ਫੀਸਦੀ ਔਰਤਾਂ ਇਸ ਕਾਰਨ ਆਪਣੇ ਪਾਰਟਨਰ ਤੋਂ ਵੱਖ ਹੋ ਜਾਂਦੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੀ. ਜੀ. ਆਈ. ਚੰਡੀਗੜ੍ਹ ਵਿਚ ਹਰ ਸਾਲ ਪੰਜਾਬ ਤੇ ਹਰਿਆਣਾ ਤੋਂ 50 ਹਜ਼ਾਰ ਦੇ ਕਰੀਬ ਮਰੀਜ਼ ਸੈਕਸ ਰੋਗਾਂ ਦੇ ਇਲਾਜ ਲਈ ਆਉਂਦੇ ਹਨ। 20 ਸਾਲ ਤੱਕ ਦੇ ਨੌਜਵਾਨਾਂ ’ਚ 8 ਫੀਸਦੀ ਨਾਮਰਦੀ ਪਾਈ ਗਈ ਹੈ। 30 ਸਾਲ ਤੱਕ ਦੇ ਨੌਜਵਾਨਾਂ ’ਚ ਇਹ ਦਰ 12 ਫੀਸਦੀ, 40 ਸਾਲ ਤੱਕ ਦੇ ਨੌਜਵਾਨਾਂ ’ਚ 40 ਫੀਸਦੀ ਤੇ 40 ਸਾਲ ਤੋ ਵੱਧ ਦੇ ਮਰਦਾਂ ’ਚ 48 ਫੀਸਦੀ ਹੈ। 50 ਸਾਲ ਤੱਕ ਦੀ ਉਮਰ ਦੇ ਲੋਕਾਂ ਲਈ 48 ਪ੍ਰਤੀਸ਼ਤ, 60 ਸਾਲ ਤਕ ਲਈ 57 ਅਤੇ 70 ਸਾਲ ਤੱਕ ਦੀ ਉਮਰ ਦੇ ਲੋਕਾਂ ਵਿਚ 67 ਫੀਸਦੀ ਹੈ। ਉਨ੍ਹਾਂ ਕਿਹਾ ਕਿ ਮਰਦਾਂ ਵਿਚ ਸੈਕਸ ਹਾਰਮੋਨ 80 ਸਾਲ ਦੀ ਉਮਰ ਤੱਕ ਬਣੇ ਰਹਿੰਦੇ ਹਨ। 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ ਹੁਣ ਸੈਕਸ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ । ਅਜਿਹੇ ਮਰੀਜ਼ ਲਗਾਤਾਰ ਉਨ੍ਹਾਂ ਕੋਲ ਆਉਣ ਲੱਗੇ ਹਨ। ਕੁਝ ਦਿਨ ਪਹਿਲਾਂ 74 ਸਾਲ ਦੇ ਇਕ ਬਜ਼ੁਰਗ ਨੇ ਸਫਲ ਸੈਕਸ ਲਈ ਪੀਨਾਇਲ ਇੰਪਲਾਂਟ ਸਰਜਰੀ ਕਰਵਾਈ ਸੀ। ਲਗਭਗ ਪੰਜ ਹੋਰ ਵਿਅਕਤੀ ਅਜਿਹੇ ਹਨ ਜਿਨ੍ਹਾਂ ਦੀ ਉਮਰ ਲਗਭਗ 70 ਸਾਲ ਹੈ ਤੇ ਉਹ ਅਜਿਹੀ ਸਰਜਰੀ ਲਈ ਤਿਆਰ ਹਨ।
You must be logged in to post a comment Login