-
ਹੱਕੀ ਮੰਗਾਂ ਲਈ ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਹੋਣ ਦੀ ਲੋੜ: ਗੁਰਪ੍ਰੀਤ ਸਿੰਘ
ਪਟਿਆਲਾ, 7 ਸਤੰਬਰ (ਪ.ਪ.)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ (ਪੀ ਐਸ ਐਮ ਐਸ ਯੂ) ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਲਈ ਅੱਜ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰ ’ਤੇ ਰੋਸ ਰੈਲੀਆਂ ਕੀਤੀਆਂ ਗਈਆਂ। ਇਸੇ ਤਹਿਤ ਪੀ ਐਸ ਐਮ ਐਸ ਯੂ ਦੀ ਜ਼ਿਲ੍ਹਾ ਬਾਡੀ ਵਲੋਂ ਜ਼ਿਲ੍ਹਾ ਪ੍ਰਧਾਨ ਅਮਰ ਬਹਾਦਰ ਸਿੰਘ ਦੀ ਅਗਵਾਈ ਵਿਚ ਸਿਵਲ ਸਰਜਨ ਦਫਤਰ ਪਟਿਆਲਾ ਵਿਖੇ ਇਕੱਤਰਤਾ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਮਗਰੋਂ ਧਰਨਾ ਦਿੱਤਾ ਗਿਆ। ਯੂਨੀਅਨ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਨੇ ਹਾਜ਼ਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੀਆਂ ਨੀਤੀਆਂ ’ਤੇ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਮੁਲਾਜ਼ਮ ਵਰਗ ਨੂੰ ਬਹੁਤ ਉਮੀਦਾਂ ਸਨ ਪਰ ਹੁਣ ਇਹ ਮੁਲਾਜ਼ਮ ਵਰਗ ਨੂੰ ਨਿਰਾਸ਼ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਮੰਗਾਂ ਮੰਨੀਆਂ ਤਾਂ ਦੂਰ, ਹੁਣ ਤਾਂ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਤੱਕ ਸਮੇਂ ਸਿਰ ਨਹੀਂ ਦੇ ਪਾ ਰਹੀ। ਉਨ੍ਹਾਂ ਕਿਹਾ ਕਿ ਪੇ-ਕਮਿਸ਼ਨ ਸੋਧ ਕੇ ਲਾਗੂ ਕਰਨਾ, ਡੀ. ਏ. ਦੀਆਂ ਬਕਾਇਆ ਕਿਸਤਾਂ ਜਾਰੀ ਕਰਨਾ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਪਰਖਕਾਲ ਸਮਾਂ 2 ਸਾਲ ਕਰਨਾ, ਵਿਕਾਸ ਟੈਕਸ ਵਾਪਸ ਲੈਣਾ ਤੇ ਤਨਖਾਹ ਸਮੇਂ ਸਿਰ ਮੁਹੱਈਆ ਕਰਾਉਣਾ ਆਦਿ ਸਭ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਹਨ, ਜਿਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ। ਅਗਲਾ ਪ੍ਰੋਗਰਾਮ ਪੰਜਾਬ ਸਟੇਟ ਯੂਨੀਅਨ ਵਲੋਂ ਦਿੱਤੇ ਐਕਸ਼ਨ ਅਨੁਸਾਰ ਹੀ ਉਲੀਕਿਆ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਸੀ. ਪੀ. ਐਫ. ਨੇ ਵੀ ਸੰਬੋਧਨ ਕੀਤਾ ਤੇ ਸਭ ਨੂੰ ਇਕਜੁੱਟ ਹੁਣ ਦਾ ਸੱਦਾ ਦਿੱਤਾ। ਇਸ ਮੌਕੇ ਜਗਜੀਤ ਸਿੰਘ ਦੁਆ, ਬਲਦੇਵ ਸ਼ਰਮਾ, ਗੁਰਪ੍ਰੀਤ ਸਿੰਘ ਕੈਸ਼ੀਅਰ, ਗੁਰਮੇਲ ਵਿਰਕ ਭਾਸ਼ਾ ਵਿਭਾਗਾ, ਜਸਵਿੰਦਰ ਸਿੰਘ ਸਿੱਖਿਆ ਵਿਭਾਗ, ਸਤਨਾਮ ਸਿੰਘ ਲੁਬਾਣਾ ਸੈਨੀਟੇਸ਼ਨ ਵਿਭਾਗ, ਸੁਖਵਿੰਦਰ ਸਿੰਘ ਮੈਡੀਕਲ ਕਾਲਜ, ਸਤਿਆ ਪ੍ਰਕਾਸ਼ ਡੈਂਟਲ ਕਾਲਜ, ਅਮਨਦੀਪ ਸਿੰਘ, ਰੋਹਿਤ ਕੁਮਾਰ, ਜਸਵਿੰਦਰ ਸਿੰਘ, ਸੰਦੀਪ ਕੌਰ ਬਰਨਾਲਾ ਨਰਸਿੰਗ ਐਸੋਸੀਏਸ਼ਨ, ਟੋਨੀ ਭਗਰੀਆ, ਅਜੀਤਪਾਲ ਸਿੰਘ, ਸ੍ਰੀਮਤੀ ਅਨੂੰ ਸ਼ਰਮਾ, ਸ੍ਰੀਮਤੀ ਸੰਦੀਪ ਕੌਰ ਆਦਿ ਹਾਜ਼ਰ ਸਨ।

You must be logged in to post a comment Login