ਇਸਲਾਮਾਬਾਦ, 10 ਸਤੰਬਰ-ਦੇਸ਼ ਵੰਡ ਵੇਲੇ ਆਪਣੇ ਪਰਿਵਾਰ ਤੋਂ ਵਿਛੜਨ ਤੋਂ 75 ਸਾਲ ਬਾਅਦ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਾਕਿਸਤਾਨ ਤੋਂ ਆਈ ਆਪਣੀ ਮੁਸਲਿਮ ਭੈਣ ਨੂੰ ਮਿਲਣ ’ਤੇ ਜਲੰਧਰ ਦੇ ਅਮਰਜੀਤ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਵੰਡ ਵੇਲੇ ਪਾਕਿਸਤਾਨ ਜਾ ਰਹੇ ਪਰਿਵਾਰ ਤੋਂ ਅਮਰਜੀਤ ਸਿੰਘ ਤੇ ਉਸ ਦੀ ਭੈਣ ਤੋਂ ਵਿਛੜ ਗਏ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਵ੍ਹੀਲਚੇਅਰ ‘ਤੇ ਅਮਰਜੀਤ ਸਿੰਘ ਦੀ ਆਪਣੀ ਭੈਣ ਕੁਲਸੂਮ ਅਖਤਰ ਨਾਲ ਭਾਵੁਕ ਮੁਲਾਕਾਤ ਹੋਣ ‘ਤੇ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਅਮਰਜੀਤ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ। 65 ਸਾਲਾ ਕੁਲਸੂਮ ਭਰਾ ਨੂੰ ਦੇਖ ਕੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੀ। ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਂਦੇ ਰਹੇ। ਉਹ ਆਪਣੇ ਭਰਾ ਨੂੰ ਮਿਲਣ ਲਈ ਆਪਣੇ ਪੁੱਤਰ ਸ਼ਹਿਜ਼ਾਦ ਅਹਿਮਦ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਫੈਸਲਾਬਾਦ ਸਥਿਤ ਆਪਣੇ ਜੱਦੀ ਸ਼ਹਿਰ ਤੋਂ ਗਈ ਸੀ। ਕੁਲਸੂਮ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ 1947 ਵਿੱਚ ਜਲੰਧਰ ਤੋਂ ਪਾਕਿਤਸਾਨ ਜਾਣ ਵੇਲੇ ਪੁੱਤ ਤੇ ਧੀ ਤੋਂ ਵਿਛੜ ਗੲੇ ਸਨ। ਕੁਲਸੂਮ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਪੈਦਾ ਹੋਈ ਸੀ ਅਤੇ ਆਪਣੀ ਮਾਂ ਤੋਂ ਆਪਣੇ ਗੁਆਚੇ ਹੋਏ ਭਰਾ ਅਤੇ ਭੈਣ ਬਾਰੇ ਸੁਣਦੀ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਜਦੋਂ ਵੀ ਆਪਣੇ ਗੁੰਮ ਹੋਏ ਬੱਚਿਆਂ ਨੂੰ ਯਾਦ ਕਰਦੀ ਤਾਂ ਰੋਣ ਲੱਗ ਜਾਂਦੀ ਸੀ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਵਿਛੜਿਆਂ ਨੂੰ ਮਿਲ ਸਕੇਗੀ। ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦਾ ਦੋਸਤ ਦਾਰਾ ਸਿੰਘ ਭਾਰਤ ਤੋਂ ਪਾਕਿਸਤਾਨ ਆਇਆ ਸੀ ਅਤੇ ਉਸ ਨੂੰ ਵੀ ਮਿਲਿਆ ਸੀ। ਉਸ ਦੀ ਮਾਂ ਨੇ ਦਾਰਾ ਸਿੰਘ ਨੂੰ ਆਪਣੇ ਪੁੱਤਰ ਅਤੇ ਧੀ ਬਾਰੇ ਦੱਸਿਆ। ਉਸ ਨੇ ਉਨ੍ਹਾਂ ਨੂੰ ਆਪਣੇ ਪਿੰਡ ਦਾ ਨਾਮ ਅਤੇ ਉਸਦੇ ਘਰ ਦਾ ਸਥਾਨ ਵੀ ਦੱਸਿਆ। ਸਰਦਾਰ ਦਾਰਾ ਸਿੰਘ ਫਿਰ ਪਿੰਡ ਵਿੱਚ ਉਸ ਦੇ ਘਰ ਗਿਆ ਅਤੇ ਉਸ ਨੇ ਉਥੋਂ ਦੱਸਿਆ ਕਿ ਉਸ ਦਾ ਪੁੱਤਰ ਜ਼ਿੰਦਾ ਹੈ ਪਰ ਉਸ ਦੀ ਧੀ ਮਰ ਚੁੱਕੀ ਹੈ। ਉਸ ਦੇ ਬੇਟੇ ਦਾ ਨਾਮ ਅਮਰਜੀਤ ਸਿੰਘ ਹੈ, ਜਿਸ ਨੂੰ 1947 ਵਿੱਚ ਸਿੱਖ ਪਰਿਵਾਰ ਨੇ ਗੋਦ ਲਿਆ ਸੀ। ਭਰਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਲਸੂਮ ਨੇ ਵਟਸਐਪ ‘ਤੇ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਬਾਅਦ ਵਿੱਚ ਮਿਲਣ ਦਾ ਫੈਸਲਾ ਕੀਤਾ। ਕੁਲਸੂਮ ਨੇ ਪਿੱਠ ਦੇ ਗੰਭੀਰ ਦਰਦ ਦੇ ਬਾਵਜੂਦ ਆਪਣੇ ਭਰਾ ਨੂੰ ਮਿਲਣ ਲਈ ਕਰਤਾਰਪੁਰ ਜਾਣ ਦੀ ਹਿੰਮਤ ਜੁਟਾਈ। ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਸ ਦੇ ਅਸਲ ਮਾਤਾ-ਪਿਤਾ ਪਾਕਿਸਤਾਨ ਵਿਚ ਹਨ ਅਤੇ ਮੁਸਲਮਾਨ ਹਨ ਤਾਂ ਇਹ ਉਸ ਲਈ ਸਦਮਾ ਸੀ। ਉਸ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਅਸਲੀ ਭੈਣ ਅਤੇ ਭਰਾਵਾਂ ਨੂੰ ਮਿਲਣਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਉਸ ਦੇ ਤਿੰਨ ਭਰਾ ਜ਼ਿੰਦਾ ਹਨ ਪਰ ਇਕ ਭਰਾ, ਜੋ ਜਰਮਨੀ ਵਿਚ ਸੀ, ਦੀ ਮੌਤ ਹੋ ਗਈ। ਉਹ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਪਾਕਿਸਤਾਨ ਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਵੀ ਭਾਰਤ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਜੋ ਉਹ ਆਪਣੇ ਸਿੱਖ ਪਰਿਵਾਰ ਨੂੰ ਮਿਲ ਸਕਣ। ਦੋਵੇਂ ਭੈਣ-ਭਰਾ ਇੱਕ ਦੂਜੇ ਲਈ ਕਈ ਤੋਹਫ਼ੇ ਲੈ ਕੇ ਆਏ ਸਨ। ਕੁਲਸੂਮ ਦੇ ਬੇਟੇ ਸ਼ਹਿਜ਼ਾਦ ਅਹਿਮਦ ਨੇ ਦੱਸਿਆ ਕਿ ਉਹ ਆਪਣੀ ਦਾਦੀ ਅਤੇ ਮਾਂ ਤੋਂ ਆਪਣੇ ਮਾਮੇ ਬਾਰੇ ਸੁਣਦਾ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login