ਕਾਂਗਰਸ ਪ੍ਰਧਾਨ ਦੀ ਚੋਣ: ਦਿਗਵਿਜੈ ਸਿੰਘ ਨੇ ਨਾਮਜ਼ਦਗੀ ਪੱਤਰ ਲਿਆ

ਕਾਂਗਰਸ ਪ੍ਰਧਾਨ ਦੀ ਚੋਣ: ਦਿਗਵਿਜੈ ਸਿੰਘ ਨੇ ਨਾਮਜ਼ਦਗੀ ਪੱਤਰ ਲਿਆ

ਨਵੀਂ ਦਿੱਲੀ, 29 ਸਤੰਬਰ- ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਅੱਜ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਪੱਤਰ ਲਿਆ ਅਤੇ ਕਿਹਾ ਕਿ ਉਹ ਸੰਭਾਵੀ ਤੌਰ ’ਤੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਦਾਖ਼ਲ ਕਰਨਗੇ। ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਦਫ਼ਤਰ ਤੋਂ ਨਾਮਜ਼ਦਗੀ ਪੱਤਰ ਲੈਣ ਤੋਂ ਬਾਅਦ ਦਿਗਵਿਜੈ ਸਿੰਘ ਨੇ ਕਿਹਾ, ‘‘ਨਾਮਜ਼ਦਗੀ ਪੱਤਰ ਲੈਣ ਆਇਆ ਹਾਂ। ਸੰਭਾਵੀ ਤੌਰ ’ਤੇ ਭਲਕੇ ਨਾਮਜ਼ਦਗੀ ਦਾਖ਼ਲ ਕਰਾਂਗਾ।’’ ਉਨ੍ਹਾਂ 10 ਨਾਮਜ਼ਦਗੀ ਫਾਰਮ ਲਏ। ਉਹ ਅਜਿਹੇ ਸਮੇਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਤਿਆਰੀ ਕਰ ਰਹੇ ਹਨ ਜਦੋਂ ਰਾਜਸਥਾਨ ਸੰਕਟ ਕਰ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਚੋਣ ਲੜਨ ਦੀ ਸੰਭਾਵਨਾ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਐਲਾਨੇ ਪ੍ਰੋਗਰਾਮ ਅਨੁਸਾਰ, ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤੀ ਗਈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 24 ਸਤੰਬਰ ਤੋਂ ਸ਼ੁਰੂ ਹੋਈ ਜੋ ਕਿ 30 ਸਤੰਬਰ ਤੱਕ ਚੱਲੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 8 ਅਕਤੂਬਰ ਹੈ। ਇਕ ਤੋਂ ਜ਼ਿਆਦਾ ਉਮੀਦਵਾਰ ਹੋਣ ’ਤੇ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ।

You must be logged in to post a comment Login