ਨਵੀਂ ਦਿੱਲੀ, 3 ਅਕਤੂਬਰ- ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਇੱਕ ਈਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ’ਤੇ ਭਾਰਤੀ ਹਵਾਈ ਸੈਨਾ ਅਲਰਟ ਹੋ ਗਈ। ਈਰਾਨੀ ਯਾਤਰੀ ਉਡਾਣ ਤਹਿਹਾਨ ਤੋਂ ਚੀਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅਮਲੇ ਵੱਲੋਂ ਦਿੱਲੀ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਮੰਗੀ ਗਈ ਸੀ ਪਰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਨੇ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਉਡਾਣ ਦੇ ਪਿੱਛੇ ਦੋ ਲੜਾਕੂ ਜਹਾਜ਼ ਲਗਾਏ। ਬਾਅਦ ਵਿੱਚ ਜਹਾਜ਼ ਵਿੱਚ ਕੋਈ ਬੰਬ ਨਾ ਮਿਲਣ ’ਤੇ ਇਸ ਨੂੰ ਚੀਨ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ। ਏਐਨਆਈ ਦੇ ਇੱਕ ਟਵੀਟ ਮੁਤਾਬਕ, ‘‘ਜਹਾਜ਼ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਿਹਾ ਸੀ। ਬੰਬ ਹੋਣ ਦੀ ਸੂਚਨਾ ਮਗਰੋਂ ਮਹਾਨ ਏਅਰ ਨੇ ਦਿੱਲੀ ਵਿੱਚ ਲੈਂਡਿੰਗ ਲਈ ਦਿੱਲੀ ਏਅਰਪੋਰਟ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ। ਸੂਤਰਾਂ ਮੁਤਾਬਕ ਦਿੱਲੀ ਏਟੀਸੀ ਨੇ ਜਹਾਜ਼ ਨੂੰ ਜੈਪੁਰ ਜਾਣ ਦਾ ਸੁਝਾਅ ਦਿੱਤਾ ਪਰ ਜਹਾਜ਼ ਦੇ ਪਾਇਲਟ ਨੇ ਇਨਕਾਰ ਕਰ ਦਿੱਤਾ ਅਤੇ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚੋਂ ਬਾਹਰ ਚਲਾ ਗਿਆ। ਬੰਬ ਦੀ ਸੂਚਨਾ ਮਿਲਦੇ ਹੀ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਹਵਾਈ ਫੌਜ ਚੌਕਸ ਹੋ ਗਈ ਅਤੇ ਫਲਾਈਟ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਦੋਂ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ ਤਾਂ ਏਟੀਸੀ ਵੱਲੋਂ ਏਅਰਕ੍ਰਾਫਟ ਨਾਲ ਇੱਕ ਅਲਰਟ ਸਾਂਝਾ ਕੀਤਾ ਗਿਆ ਸੀ। ਸੂਤਰਾਂ ਨੇ ਏਐੱਨਆਈ ਨੂੰ ਦੱਸਿਆ ਕਿ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਹਵਾਈ ਸੈਨਾ ਦੇ ਐੱਸਯੂ-30ਐੱਮਕੇਆਈ ਲੜਾਕੂ ਜਹਾਜ਼ਾਂ ਨੇ ਜਹਾਜ਼ ਨੂੰ ਰੋਕਣ ਲਈ ਪਿੱਛਾ ਕੀਤਾ।

You must be logged in to post a comment Login