-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰ ਵਿਕਾਸ ਸਮੇਤ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਕੀਤੀਆਂ ਪਹਿਲਕਦਮੀਆਂ ਨੂੰ ਨਿਊਜ਼ੀਲੈਂਡ ਵਸਦੇ ਡਾਇਸਪੋਰਾ ਵੱਲੋਂ ਮਿਲਿਆ ਭਰਪੂਰ ਸਮਰਥਨ
ਆਕਲੈਂਡ : ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਕਰਵਾਇਆ ‘ਵਿਸ਼ਵ ਸਦਭਾਵਨਾ’ ਸਮਾਗਮ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡ ਆਰਡਰਨ ਅਤੇ ਐਨ.ਆਈ.ਡੀ ਫਾਊਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਵਿਚਾਲੇ ਅਹਿਮ ਮੁਲਾਕਾਤ ਹੋਈ। ‘ਯੰਗਏਸਟ ਗਲੋਬਲ ਵੂਮੈਨ ਲੀਡਰ’ ਵਜੋਂ ਜਾਣੀ ਜਾਂਦੀ ਜੈਸਿੰਡਾ ਆਰਡਰਨ ਵਿਸ਼ਵ ਸਦਭਾਵਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਭਾਵਪੂਰਤ ਸਮਾਗਮ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਨਾਯਾ ਮਹੂਤਾ, ਕਮਿਊਨਿਟੀ ਅਤੇ ਸਵੈ-ਇੱਛੁਕ ਖੇਤਰ ਮੰਤਰੀ, ਸਮਾਜਿਕ ਵਿਕਾਸ ਅਤੇ ਰੁਜ਼ਗਾਰ ਲਈ ਐਸੋਸੀਏਟ ਮੰਤਰੀ ਪਿ੍ਰਯੰਕਾ ਰਾਧਾਕਿ੍ਰਸ਼ਨਨ ਸਮੇਤ ਸੰਸਦ ਮੈਂਬਰਾਂ ਅਤੇ ਭਾਰਤੀ ਡਾਇਸਪੋਰਾ ਤੋਂ 750 ਦੇ ਕਰੀਬ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ।
ਵਿਸ਼ੇਸ਼ ਮੁਲਾਕਾਤ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡ ਆਰਡਰਨ ਅਤੇ ਐਨ.ਆਈ.ਡੀ ਫਾਊਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਵਿਚਾਲੇ ਵਿਸ਼ਵੀ ਭਾਈਚਾਰਾ ਕਾਇਮ ਕਰਨ ਦੇ ਨਾਲ-ਨਾਲ ਖੋਜ ਅਤੇ ਅਕਾਦਮਿਕ ਭਾਈਵਾਲੀਆਂ ਦੇ ਸਹਿਯੋਗ ਨਾਲ ਸਿੱਖਿਆ ਦੇ ਵਿਸ਼ਵੀਕਰਨ ਨੂੰ ਲੈ ਕੇ ਅਹਿਮ ਵਿਚਾਰ ਵਟਾਂਦਰੇ ਹੋਏ। ਇਸ ਦੌਰਾਨ ਐਨ.ਆਈ.ਡੀ ਫਾਊਂਡੇਸ਼ਨ ਦੇ ਚੀਫ਼ ਪੈਟਰਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਪੁਸਤਕ ’ਹਾਰਟਫੈਲਟ: ਦਿ ਲੈਗੇਸੀ ਆਫ਼ ਫੇਥ’ ਉਚੇਚੇ ਤੌਰ ’ਤੇ ਭੇਂਟ ਕੀਤੀ ਗਈ। ਜੈਸਿੰਡਾ ਆਰਡਰਨ ਨੇ ਐਨ.ਆਈ.ਡੀ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਵਿਸ਼ਵ ਸਦਭਾਵਨਾ, ਵਿਸ਼ਵ ਏਕਤਾ ਅਤੇ ਸ਼ਾਂਤੀ ਦਾ ਪ੍ਰਤੀਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜੀਲੈਂਡ ਦੇ ਵਿਕਾਸ ’ਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਹਿੰਦੀ 5ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।
ਜ਼ਿਕਰਯੋਗ ਹੈ ਕਿ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਜਾਰੀ ਕੀਤੀ ਪੁਸਤਕ ’ਹਾਰਟਫੈਲਟ: ਦਿ ਲੈਗੇਸੀ ਆਫ਼ ਫੇਥ’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਿੱਖ ਗੁਰੂਆਂ, ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਵੈਮਾਣ ਬਰਕਰਾਰ ਰੱਖਣ ਲਈ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਦਰਸਾਉਂਦੀ ਹੈ। ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਨੂੰ ਆਉਂਦੇ 25 ਸਾਲਾਂ ’ਚ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਉਨ੍ਹਾਂ ਵੱਲੋਂ ਸਿੱਖਾਂ, ਪ੍ਰਵਾਸੀ ਭਾਰਤੀਆਂ ਸਮੇਤ ਰਾਸ਼ਟਰ ਵਿਕਾਸ ਲਈ ਕੀਤੀਆਂ ਪਹਿਲਕਦਮੀਆਂ ਦੀ ਸ਼ਾਲਾਘਾ ਕੀਤੀ। ਵਿਸ਼ਵ ਸਦਭਾਵਨਾ ਸਮਾਗਮ ਵਿਸ਼ਵ ਭਰ ’ਚ ਵਸਦੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਬੇਮਿਸਾਲ ਯਤਨਾਂ ਅਤੇ ਉਨ੍ਹਾਂ ਦੇ ਚੰਗੇ ਸ਼ਾਸ਼ਨ ਮਾਡਲ ਦੇ ਨਾਲ-ਨਾਲ ਵਿਸ਼ਵਵਿਆਪੀ ਸਦਭਾਵਨਾ ਨੂੰ ਸਮਰਪਿਤ ਰਿਹਾ।
ਇਸ ਮੌਕੇ ਸੰਬੋਧਨ ਕਰਦਿਆਂ ਐਨ.ਆਈ.ਡੀ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਦਭਾਵਨਾ ਅਤੇ ਭਾਈਚਾਰਕ ਸੰਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਦਿ੍ਰਸ਼ਟੀਕੋਣ ਨਾਲ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ’ਸਦਭਾਵਨਾ’ ਸਮਾਗਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਵਾਸ ਸਥਾਨ ਤੋਂ ਕੀਤੀ ਗਈ ਸੀ। ਇਸ ਸਮਗਾਮ ’ਚ ਫਾਊਂਡੇਸ਼ਨ ਨੇ ਵਿਸ਼ਵ ਪੱਧਰ ’ਤੇ ਸਿੱਖ ਭਾਈਚਾਰੇ ਤੱਕ ਪਹੁੰਚ ਕਰਦਿਆਂ ਛੇ ਮਹਾਂਦੀਪਾਂ ਤੋਂ 138 ਉੱਘੇ ਅਤੇ ਉਚਨਿਪੁੰਨਤਾ ਵਾਲੀਆਂ ਸਿੱਖ ਸਖ਼ਸ਼ੀਅਤਾਂ ਨੂੰ ਇੱਕ ਮੰਚ ’ਤੇ ਇਕੱਤਰ ਕਰਦਿਆਂ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਵਿਚਾਰ ਵਟਾਂਦਰੇ ਕੀਤੇ।ਉਨ੍ਹਾਂ ਦੱਸਿਆ ਕਿ ਇਸੇ ਲੜੀ ਅਧੀਨ ’ਵਿਸ਼ਵ ਸਦਭਾਵਨਾ’ ਦੇ ਪਹਿਲੇ ਸੰਸਕਰਣ ਦੀ ਸ਼ੁਰੂਆਤ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਤੋਂ ਕੀਤੀ ਗਈ ਜਦਕਿ ਦੂਜਾ ਸਮਾਗਮ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਆਯੋਜਿਤ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਤੋਂ ਉਪਰੰਤ ਫਾਊਂਡੇਸ਼ਨ ਵੱਲੋਂ ਦੁਬਈ, ਇੰਗਲੈਂਡ ਸਮੇਤ ਵੱਖੋ-ਵੱਖਰੇ ਮੁਲਕਾਂ ’ਚ ’ਵਿਸ਼ਵ ਸਦਭਾਵਨਾ’ ਸਮਾਗਮ ਉਲੀਕ ਕੇ ਵਿਸ਼ਵ ਏਕਤਾ ਅਤੇ ਆਪਸੀ ਸਾਂਝ ਦਾ ਸੁਨੇਹਾ ਪ੍ਰਚੰਡ ਕੀਤਾ ਜਾਵੇਗਾ। ਸ. ਸੰਧੂ ਨੇ ਕਿਹਾ ਕਿ ਵਿਸ਼ਵ ਸਦਭਾਵਨਾ ਦੀ ਭਾਵਨਾ ਵਿਸ਼ਵ ਪੱਧਰ ’ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਲੋਕਾਂ ਅਤੇ ਮਨੁੱਖਤਾ ਲਈ ਪਿਆਰ ਅਤੇ ਸਤਿਕਾਰ ਤੋਂ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿੱਖ ਜੀਵਨ ਦੇ ਪੰਜ ਸੱਭ ਤੋਂ ਮਹੱਤਵਪੂਰਨ ਸਿਧਾਂਤਾਂ ਸੱਚ, ਸੰਤੋਖ, ਦਇਆ, ਨਿਮਰਤਾ ਅਤੇ ਪਿਆਰ ’ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰਸ਼ਾਸ਼ਕੀ ਮਾਡਲ ਵਿਚ ਵਿਆਪਕ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖ ਜੀਵਨ ਦੇ ਪੰਜ ਜ਼ਰੂਰੀ ਗੁਣਾਂ ਨੂੰ ਆਪਣਾ ਕੇਂਦਰ ਬਿੰਦੂ ਮੰਨਦੇ ਹੋਏ, ਇਹ ਪੁਸਤਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਦਰਸਾਉਂਦੀ ਹੈ। ਕਿਤਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਸਿਆਸਤਦਾਨ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਿੱਖਾਂ ਅਤੇ ਪੰਜਾਬ ਨਾਲ ਨੇੜਲੇ ਸਬੰਧਾਂ ਦਾ ਵੇਰਵਾ ਦਿੱਤਾ ਗਿਆ ਹੈ, ਕਿਉਂਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਦੇ ਸਨ।
You must be logged in to post a comment Login