ਸੰਯੁਕਤ ਰਾਸ਼ਟਰ, 11 ਅਕਤੂਬਰ- ਭਾਰਤ ਨੇ ਯੂਕਰੇਨ ਦੇ ਚਾਰ ਖੇਤਰਾਂ ’ਤੇ ਰੂਸ ਦੇ ‘ਗੈ਼ਰ-ਕਾਨੂੰਨੀ’ ਕਬਜ਼ੇ ਦੀ ਨਿੰਦਾ ਕਰਨ ਵਾਲੇ ਮਤੇ ’ਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਗੁਪਤ ਵੋਟਿੰਗ ਕਰਵਾਉਣ ਦੀ ਰੂਸ ਦੀ ਮੰਗ ਖ਼ਿਲਾਫ਼ ਵੋਟ ਕੀਤਾ। ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਨੇ ਖੁੱਲ੍ਹੇ ਤੌਰ ’ਤੇ ਵੋਟਿੰਗ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸੋਮਵਾਰ ਨੂੰ ਅਲਬਾਨੀਆ ਦੇ ਉਸ ਮਤੇ ‘ਤੇ ਵੋਟਿੰਗ ਕੀਤੀ, ਜਿਸ ਵਿਚ ਰੂਸ ਦੇ ਗੈਰ-ਕਾਨੂੰਨੀ ਅਖੌਤੀ ਰਾਇਸ਼ੁਮਾਰੀ ਅਤੇ ਦੋਨੇਸਤਕ, ਖੇਰਸਾਨ, ਲੁਹਾਨਸਕ ਅਤੇ ਜ਼ਾਪੋਰਿਜ਼ੀਆ ‘ਤੇ ਗੈਰ-ਕਾਨੂੰਨੀ ਤੌਰ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ” ਦੀ ਨਿੰਦਾ ਕਰਨ ਲਈ ਮਤੇ ‘ਤੇ ਜਨਤਕ ਵੋਟਿੰਗ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਰੂਸ ਨੇ ਇਸ ਮਤੇ ‘ਤੇ ਗੁਪਤ ਵੋਟਿੰਗ ਦੀ ਮੰਗ ਕੀਤੀ ਸੀ। ਭਾਰਤ ਸਮੇਤ ਸੰਯੁਕਤ ਰਾਸ਼ਟਰ ਦੇ 107 ਮੈਂਬਰ ਦੇਸ਼ਾਂ ਨੇ ‘ਰਿਕਾਰਡ ਵੋਟ’ (ਜਨਤਕ ਵੋਟ) ਦੇ ਪੱਖ ‘ਚ ਵੋਟ ਕੀਤਾ, ਜਿਸ ਨਾਲ ਰੂਸ ਦੀ ਮੰਗ ਰੱਦ ਹੋ ਗਈ। ਸਿਰਫ 13 ਦੇਸ਼ਾਂ ਨੇ ਗੁਪਤ ਮਤਦਾਨ ਦੇ ਹੱਕ ਵਿੱਚ ਵੋਟ ਪਾਈ, ਜਦਕਿ 39 ਦੇਸ਼ਾਂ ਨੇ ਵੋਟਿੰਗ ਨਹੀਂ ਕੀਤੀ। ਚੀਨ ਨੇ ਵੀ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।

You must be logged in to post a comment Login