ਸਿਸੋਦੀਆ ਤੋਂ ਸੀਬੀਆਈ ਹੈਡਕੁਆਰਟਰ ਵਿੱਚ ਪੁੱਛ-ਪੜਤਾਲ

ਨਵੀਂ ਦਿੱਲੀ, 17 ਅਕਤੂਬਰ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਲੰਘੇ ਦਿਨ ਸੰਮਨ ਕੀਤੇ ਜਾਣ ਮਗਰੋਂ ਸੀਬੀਆਈ ਦਫ਼ਤਰ ਪੁੱਜ ਗਏ ਹਨ। ਸਿਸੋਦੀਆ ਸਵਾ ਗਿਆਰਾਂ ਵਜੇ ਦੇ ਕਰੀਬ ਸੀਬੀਆਈ ਹੈੱਡਕੁਆਰਟਰ ਪੁੱਜੇ ਤੇ ਏਜੰਸੀ ਦੀ ਪਹਿਲੀ ਮੰਜ਼ਿਲ ’ਤੇ ਐਂਟੀ ਕਰੱਪਸ਼ਨ ਬ੍ਰਾਂਚ ਵਿਚ ਚਲੇ ਗਏ। ਕੇਂਦਰੀ ਜਾਂਚ ਏਜੰਸੀ ਨੇ ਸਿਸੋਦੀਆ ਤੇ 14 ਹੋਰਨਾਂ ਖਿਲਾਫ਼ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਅਗਸਤ ਵਿੱਚ ਕੇਸ ਦਰਜ ਕੀਤਾ ਸੀ।ਆਪਣੇ ਘਰੋਂ ਸੀਬੀਆਈ ਦਫ਼ਤਰ ਲਈ ਰਵਾਨਾ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਾਂ ਨੂੰ ਮੱਥਾ ਟੇਕਿਆ ਤੇ ਪਤਨੀ ਤੋਂ ਮੱਥੇ ’ਤੇ ਟਿੱਕਾ ਲਵਾਇਆ। ਉਪ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਾਰਾ 144 ਲੱਗੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਪਾਰਟੀ ਵਰਕਰ ਤੇ ਹਮਾਇਤੀ ਮੌਜੂਦ ਸਨ। ਸਿਸੋਦੀਆ ਕਾਫ਼ਲੇ ਦੀ ਸ਼ਕਲ ਵਿੱਚ ਆਪਣੇ ਘਰੋਂ ਰਵਾਨਾ ਹੋਏ। ਸਿਸੋਦੀਆ ਪਹਿਲਾਂ ਆਪਣੇ ਪਾਰਟੀ ਦਫ਼ਤਰ ਤੇ ਮਗਰੋਂ ਰਾਜਘਾਟ ਵੀ ਗਏ। ਸਿਸੋਦੀਆ ਨੇ ਕਿਹਾ ਕਿ ਉਹ ਸੀਬੀਆਈ ਤੇ ਈਡੀ ਤੋਂ ਨਹੀਂ ਡਰਦੇ ਤੇ ਨਾ ਹੀ ਜੇਲ੍ਹ ਜਾਣ ਤੋਂ ਡਰਦੇ ਹਨ ਕਿਉਂਕਿ ਭਗਤ ਸਿੰਘ ਵੀ ਦੇਸ਼ ਲਈ ਜੇਲ੍ਹ ਗਏ ਸਨ। ਇਸ ਦੌਰਾਨ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਨੂੰ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਪਾਬੰਦੀ ਹੁਕਮਾਂ ਦੀ ਕਥਿਤ ਉਲੰਘਣਾ ਦੇੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੀਜੀਓ ਕੰਪਲੈਕਸ ਦੇ ਬਾਹਰ ਧਾਰਾ 144 ਲੱਗੀ ਹੋਈ ਸੀ।

You must be logged in to post a comment Login