ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਨਾਲ ਮਰ ਰਹੇ ਨੇ ਪੰਜਾਬ ਦੇ ਲੋਕ: ਔਜਲਾ

ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਨਾਲ ਮਰ ਰਹੇ ਨੇ ਪੰਜਾਬ ਦੇ ਲੋਕ: ਔਜਲਾ

ਨਵੀਂ ਦਿੱਲੀ, 19 ਦਸੰਬਰ- ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜ਼ੀਰਾ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਅੱਜ ਲੋਕ ਸਭਾ ਵਿੱਚ ਕਿਹਾ ਕਿ ਪੰਜਾਬ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਤੋਂ ਪੀੜਤ ਹਨ ਅਤੇ ਮਰ ਰਹੇ ਹਨ। ਉਨ੍ਹਾਂ ਨੂੰ ਬਚਾਅ ਲਵੋ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਦੀ ਇੱਕ ਕੇਂਦਰੀ ਕਮੇਟੀ ਬਣਾਉਣ ਦੀ ਮੰਗ ਕੀਤੀ। ਲੋਕ ਸਭਾ ਵਿੱਚ ਸਿਫ਼ਰਕਾਲ ਦੌਰਾਨ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਨੂੰ ਗੁਰੂਆਂ ਦੀ ਧਰਤੀ ਵਜੋਂ ਜਾਣਿਆਂ ਜਾਂਦਾ ਹੈ, ਜਿਨ੍ਹਾਂ ਨੇ ਚੰਗੇ ਰਹਿਣ-ਸਹਿਣ ਤੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਦਿੱਤਾ ਹੈ। ਔਜਲਾ ਨੇ ਕਿਹਾ, ‘‘ਫਿਰੋਜ਼ਪੁਰ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਨਾਲ ਮਰ ਰਹੇ ਹਨ। ਲੁਧਿਆਣਾ, ਅੰਮ੍ਰਿਤਸਰ, ਗੜ੍ਹਸ਼ੰਕਰ…ਹਰ ਪਾਸੇ ਇਹੀ ਸਥਿਤੀ ਬਣੀ ਹੋਈ ਹੈ। ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੀ ਲੋੜ ਹੈ।’’ ਇਸ ਮੌਕੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਅਤੇ ਅਮਰ ਸਿੰਘ ਨੇ ਵੀ ਔਜਲਾ ਦੀ ਵਕਾਲਤ ਕਰਦਿਆਂ ਕੇਂਦਰ ਨੂੰ ਇਸ ’ਤੇ ਧਿਆਨ ਦੇਣ ਦੀ ਅਪੀਲ ਕੀਤੀ।

You must be logged in to post a comment Login