ਬਾਇਡਨ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਿਆਂ ਦੀ ਫੀਸ ਵਧਾਉਣ ਦੀ ਤਿਆਰੀ

ਬਾਇਡਨ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਿਆਂ ਦੀ ਫੀਸ ਵਧਾਉਣ ਦੀ ਤਿਆਰੀ

ਵਾਸ਼ਿੰਗਟਨ, 5 ਜਨਵਰੀ- ਬਾਇਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਿਆਂ ਸਣੇ ਇਮੀਗ੍ਰੇਸ਼ਨ ਫੀਸ ਵਿੱਚ ਵਾਧੇ ਦੀ ਤਜਵੀਜ਼ ਰੱਖੀ ਹੈ। ਐੱਚ-1ਬੀ ਵੀਜ਼ਾ ਵਧੇਰੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਦਿੱਤਾ ਜਾਂਦਾ ਹੈ ਤੇ ਭਾਰਤੀ ਟੈੈੱਕ ਮਾਹਿਰਾਂ ’ਚ ਇਹ ਕਾਫ਼ੀ ਮਕਬੂਲ ਹੈ। ਲੋਕ ਤਜਵੀਜ਼ਤ ਨੇਮਾਂ ਬਾਰੇ 60 ਦਿਨਾਂ ਤੱਕ ਆਪਣੀ ਰਾਇ ਦੇ ਸਕਣਗੇ, ਜਿਸ ਮਗਰੋਂ ਇਸ ਨੂੰ ਲਾਗੂ ਕੀਤੇ ਜਾਣ ਦੀ ਉਮੀਦ ਹੈ। ਤਜਵੀਜ਼ਤ ਨੇਮ, ਜਿਸ ਨੂੰ ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ(ਯੂਐੱਸਸੀਆਈਐੱਸ) ਨੇ ਪ੍ਰਕਾਸ਼ਿਤ ਕੀਤਾ ਹੈ, ਮੁਤਾਬਕ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਲਈ ਫੀਸ 460 ਅਮਰੀਕੀ ਡਾਲਰ ਤੋੋਂ ਵਧਾ ਕੇ 780 ਡਾਲਰ ਜਦੋਂਕਿ ਐੱਲ-1 ਨੂੰ 460 ਡਾਲਰ ਤੋਂ ਵਧਾ ਕੇ 1385 ਕਰ ਦਿੱਤਾ ਜਾਵੇ। ਓ-1 ਵੀਜ਼ਿਆਂ ਲਈ ਅਰਜ਼ੀ ਫੀਸ 460 ਡਾਲਰ ਤੋਂ ਵਧਾ ਕੇ 1055 ਡਾਲਰ ਕੀਤੇ ਜਾਣ ਦੀ ਤਜਵੀਜ਼ ਰੱਖੀ ਗਈ ਹੈ। ਐੱਚ-1ਬੀ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਾਮੇ ਰੱਖਣ ਦੀ ਖੁੱਲ੍ਹ ਦਿੰਦਾ ਹੈ, ਜਿਸ ਵਿੱਚ ਵਿਚਾਰਾਤਮਕ ਜਾਂ ਤਕਨੀਕੀ ਮਾਹਿਰਤਾ ਦੀ ਲੋੜ ਹੋਵੇ। ਟੈਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਜਿਹੇ ਮੁਲਕਾਂ ਤੋਂ ਸਾਲਾਨਾ ਹਜ਼ਾਰਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਂਦੀਆਂ ਹਨ। ਤਜਵੀਜ਼ਤ ਨੇਮਾਂ ਮੁਤਾਬਕ ਐੱਚ-2ਬੀ ਪਟੀਸ਼ਨਜ਼ (ਸੀਜ਼ਨਲ, ਗੈਰ-ਖੇਤੀ ਕਾਮੇ) ਲਈ ਫੀਸ 460 ਡਾਲਰ ਤੋਂ ਵਧਾ ਕੇ 1080 ਡਾਲਰ ਕੀਤੇ ਜਾਣ ਦਾ ਪ੍ਰਸਤਾਵ ਹੈ। ਉਧਰ ਫੋਰਬਸ ਨੇ ਇਕ ਨਿਊਜ਼ ਰਿਪੋਰਟ ’ਚ ਕਿਹਾ, ‘‘ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਵੀਜ਼ਾ ਸ਼੍ਰੇਣੀਆਂ ਦੀ ਫੀਸ ਵਧਾਉਣ ਦਾ ਫੈਸਲਾ ਅਮਰੀਕੀ ਨੀਤੀਘਾੜਿਆਂ ਦੀ ਇੱਛਾ ਦੇ ਖਿਲਾਫ਼ ਹੈ, ਜੋ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਕਾਮੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ।’’

You must be logged in to post a comment Login