ਰਜਿਸਟਰੀ ਕਲਰਕ ਤੋਂ ਡੇਢ ਲੱਖ ਦੀ ਜਬਰੀ ਵਸੂਲੀ ਕਰਨ ਵਾਲੇ ਪ੍ਰਾਪਰਟੀ ਏਜੰਟ

ਮੁਹਾਲੀ, 9 ਜਨਵਰੀ- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਕਾਰੀ ਮੁਲਾਜ਼ਮ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਕੇ ਉਸ ਕੋਲੋਂ ਡੇਢ ਲੱਖ ਰੁਪਏ ਦੀ ਵਸੂਲੀ ਕਰਨ ਦੇ ’ਤੇ ਨਾਭਾ ਦੇ ਪ੍ਰਾਪਰਟੀ ਏਜੰਟ ਉਮਰਦੀਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਵਿੱਚ ਸਲੀਮ ਅਤੇ ਨਿੱਜੀ ਚੈਨਲ ਦਾ ਪੱਤਰਕਾਰ ਰੁਪਿੰਦਰ ਕੁਮਾਰ ਉਰਫ਼ ਡਿੰਪਲ ਸ਼ਾਮਲ ਹੈ। ਇਨ੍ਹਾਂ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਥਾਣਾ (ਉਡਣ ਦਸਤਾ-1) ਵਿੱਚ ਧਾਰਾ 419, 420, 384, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹ ਕਾਰਵਾਈ ਤਹਿਸੀਲ ਨਾਭਾ ਵਿੱਚ ਤਾਇਨਾਤ ਰਜਿਸਟਰੀ ਕਲਰਕ ਰੁਪਿੰਦਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਰਜਿਸਟਰੀ ਕਲਰਕ ਨੇ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਮੁਲਜ਼ਮ ਉਮਰਦੀਨ ਅਤੇ ਉਸ ਦੇ ਸਾਥੀ ਉਸ ਨੂੰ ਬਲੈਕਮੇਲ ਕਰ ਰਹੇ ਹਨ ਅਤੇ 500 ਰੁਪਏ ਕਥਿਤ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਵਾਇਰਲ ਨਾ ਕਰਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਨਾ ਕਰਨ ਬਦਲੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਰਜਿਸਟਰੀ ਦੌਰਾਨ ਰਿਸ਼ਵਤ ਨਹੀਂ ਲਈ, ਜਿਸ ਵਿੱਚ ਉਮਰਦੀਨ ਗਵਾਹ ਸੀ ਬਲਕਿ ਉਹ ਇੱਕ ਵਿਅਕਤੀ ਨੂੰ ਛੋਟੇ ਨੋਟ ਦੇਣ ਬਦਲੇ ਉਸ ਕੋਲੋਂ 500 ਰੁਪਏ ਵਾਪਸ ਲੈ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ। ਪੀੜਤ ਰਜਿਸਟਰੀ ਕਲਰਕ ਵੱਲੋਂ ਵਿਜੀਲੈਂਸ ਨੂੰ ਦੱਸਣ ਅਨੁਸਾਰ ਇਸ ਮਾਮਲੇ ਵਿੱਚ ਸੌਦਾ 2,50,000 ਰੁਪਏ ਵਿੱਚ ਤੈਅ ਹੋਇਆ ਸੀ ਅਤੇ ਮੁਲਜ਼ਮ ਉਮਰਦੀਨ ਉਸ ਤੋਂ ਪਹਿਲੀ ਕਿਸ਼ਤ ਵਜੋਂ 50 ਹਜ਼ਾਰ ਰੁਪਏ ਲੈ ਚੁੱਕਾ ਹੈ।

You must be logged in to post a comment Login