ਕੌਮਾਂਤਰੀ ਮਨੁੱਖੀ ਤਸਕਰੀ ਗਰੋਹ ਦਾ ਪਰਦਾਫ਼ਾਸ਼

ਕੌਮਾਂਤਰੀ ਮਨੁੱਖੀ ਤਸਕਰੀ ਗਰੋਹ ਦਾ ਪਰਦਾਫ਼ਾਸ਼

ਮੁਹਾਲੀ, 25 ਜਨਵਰੀ- ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕੌਮਾਂਤਰੀ ਮਨੁੱਖੀ ਤਸਕਰ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਰੋੜ 13 ਲੱਖ ਰੁਪਏ ਅਤੇ ਕਰੀਬ 64 ਤੋਲੇ ਸੋਨਾ ਬਰਾਮਦ ਕੀਤਾ ਹੈ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਪੱਤਰਕਾਰ ਨੂੰ ਦੱਸਿਆ ਕਿ ਕੁਝ ਵਿਅਕਤੀ ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਭੋਲੇ ਭਾਲੇ ਲੋਕਾਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਸਿੰਗਾਪੁਰ ਅਤੇ ਇੰਡੋਨੇਸ਼ੀਆ ਵਿੱਚ ਅਗਵਾ ਕਰ ਲੈਂਦੇ ਸਨ ਅਤੇ ਤਸ਼ੱਦਦ ਢਾਹ ਕੇ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕਰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਗੰਨ ਪੁਆਇੰਟ ’ਤੇ ਅਗਵਾ ਕੀਤੇ ਵਿਅਕਤੀਆਂ ਤੋਂ ਪਰਿਵਾਰ ਨੂੰ ਫੋਨ ਕਰਵਾ ਕੇ ਫਰੌਤੀ ਦੀ ਮੰਗ ਕਰਦੇ ਹਨ। ਪੁਲੀਸ ਨੇ ਤਸਕਰਾਂ ਕੋਲੋਂ ਸਵਿਫਟ, ਫੀਗੋ, ਥਾਰ ਤੇ ਹੋਰ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਅਨੁਸਾਰ ਮੁਲਜ਼ਮ ਵਾਹਨਾਂ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ। ਉਧਰ ਧੋਖੇਬਾਜ਼ ਏਜੰਟਾਂ ਤੋਂ ਬਚੇ ਨੌਜਵਾਨਾਂ ਦੇ ਪਰਿਵਾਰਾਂ ਨੇ ਐੱਸਐੱਸਪੀ ਗਰਗ ਨੂੰ ਮਿਲਕੇ ਧੰਨਵਾਦ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ (ਜਲੰਧਰ), ਗੁਰਜੀਤ ਸਿੰਘ ਉਰਫ ਮੰਗਾ ਵਾਸੀ ਪਿੰਡ ਮੱਲੀਆ (ਜਲੰਧਰ), ਸਾਹਿਲ, ਸੋਮ ਰਾਜ ਅਤੇ ਵੀਨਾ ਸਾਰੇ ਵਾਸੀ ਪਿੰਡ ਸਲੈਰੀਆ ਖੁਰਦ (ਹੁਸ਼ਿਆਰਪੁਰ) ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਲਾਕਰਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੜਤਾਲ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸ੍ਰੀ ਗਰਗ ਨੇ ਦੱਸਿਆ ਕਿ ਮਨੁੱਖੀ ਤਸਕਰਾਂ ਅਤੇ ਅਗਵਾਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਅਗਵਾ ਕੀਤੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਇਸ ਸਬੰਧੀ ਹੈਲਪਲਾਈਨ ਨੰਬਰ 99140-55677 ਅਤੇ 95019-91108 ਵੀ ਜਾਰੀ ਕੀਤੇ ਗਏ ਹਨ।

You must be logged in to post a comment Login