ਜੇ ਲੁਕਾਉਣ ਜਾਂ ਡਰਨ ਲਈ ਕੁੱਝ ਨਹੀਂ ਤਾਂ ਜੇਪੀਸੀ ਜਾਂਚ ਤੋਂ ਕਿਉਂ ਭੱਜ ਰਹੇ ਹੋ: ਕਾਂਗਰਸ

ਨਵੀਂ ਦਿੱਲੀ, 14 ਫਰਵਰੀ- ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਅਡਾਨੀ-ਹਿੰਡਨਬਰਗ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਜਾਂਚ ਤੋਂ ‘ਭੱਜ’ ਰਿਹਾ ਹੈ ਅਤੇ ਜੇ ਸਰਕਾਰ ਕੋਲ ਇਸ ਮਾਮਲੇ ਵਿੱਚ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਅਜਿਹੀ ਜਾਂਚ ਦੀ ਇਜਾਜ਼ਤ ਦਿੱਤੀ ਜਾਵੇਗੀ। ਇਥੇ ਏਆਈਸੀਸੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੇ ਅਡਾਨੀ ਮਾਮਲੇ ਦੀ ਨਿਰਪੱਖ ਜਾਂਚ ਲਈ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਸੇਬੀ ਮੁਖੀ ਨੂੰ ਪੱਤਰ ਲਿਖਿਆ ਹੈ। ਸ੍ਰੀ ਸ਼ਾਹ ਦੇ ਤਾਜ਼ਾ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਮੇਸ਼ ਨੇ ਕਿਹਾ, ‘ਜੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਹ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਤੋਂ ਕਿਉਂ ਭੱਜ ਰਹੇ ਹਨ। ਉਹ ਸਾਨੂੰ ਸੰਸਦ ਵਿੱਚ ਜੇਪੀਸੀ ਦੀ ਮੰਗ ਉਠਾਉਣ ਦੀ ਇਜਾਜ਼ਤ ਵੀ ਨਹੀਂ ਦਿੰਦੇ। ਜਦੋਂ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਸਮੇਤ ਸਾਡੇ ਨੇਤਾਵਾਂ ਨੇ ਜੇਪੀਸੀ ਦੀ ਮੰਗ ਉਠਾਈ ਤਾਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਨੂੰ ਖਾਰਜ ਕਰ ਦਿੱਤਾ ਗਿਆ।’

You must be logged in to post a comment Login