ਆਮ ਚੋਣਾਂ ਵਿੱਚ ਫਿਰਕੂ ਹਿੰਸਾ ਕਰਵਾ ਸਕਦੀ ਹੈ ਭਾਜਪਾ: ਸਿੱਬਲ

ਆਮ ਚੋਣਾਂ ਵਿੱਚ ਫਿਰਕੂ ਹਿੰਸਾ ਕਰਵਾ ਸਕਦੀ ਹੈ ਭਾਜਪਾ: ਸਿੱਬਲ

ਨਵੀਂ ਦਿੱਲੀ, 1 ਅਪਰੈਲ-ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਤੇ ਭਾਜਪਾ ਫਿਰਕੂ ਹਿੰਸਾ ਕਰਵਾ ਸਕਦੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਇਕ ‘ਟਰੇਲਰ’ ਹਨ। ਜ਼ਿਕਰਯੋਗ ਹੈ ਕਿ ਰਾਮਨੌਮੀ ਮੌਕੇ ਪੱਛਮੀ ਬੰਗਾਲ ਦੇ ਹਾਵੜਾ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਸਨ ਜਿਸ ਕਾਰਨ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਛਿੜੀ ਹੋਈ ਹੈ। ਇਸੇ ਤਰ੍ਹਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਵੀ ਹਿੰਸਕ ਘਟਨਾਵਾਂ ਵਾਪਰੀਆਂ ਸਨ। ਇਸ ਮੌਕੇ ਕਪਿਲ ਸਿੱਬਲ ਨੇ ਟਵੀਟ ਕੀਤਾ, ‘ਦੇਸ਼ 2024 ਦੀਆਂ ਲੋਕ ਸਭਾ ਚੋਣਾਂ ਵੱਲ ਵਧ ਰਿਹਾ ਹੈ। ਭਾਜਪਾ ਦੇ ਏਜੰਡੇ ’ਤੇ ਫਿਰਕੂ ਦੰਗੇ, ਨਫਰਤੀ ਭਾਸ਼ਨ, ਵਿਰੋਧੀ ਧਿਰਾਂ ਨੂੰ ਈਡੀ, ਸੀਬੀਆਈ ਤੇ ਚੋਣ ਕਮਿਸ਼ਨ ਰਾਹੀਂ ਦਬਾਉਣਾ ਆਦਿ ਸ਼ਾਮਲ ਹਨ।’ ਉਨ੍ਹਾਂ ਨੇ ਟਵੀਟ ਵਿੱਚ ਕਿਹਾ ਕਿ ਬੰਗਾਲ ਵਿੱਚ ਫੈਲੀ ਹਿੰਸਾ ਦੀ ਅੱਗ, ਕਰਨਾਟਕ, ਮਹਾਰਾਸ਼ਟਰ ਤੇ ਗੁਜਰਾਤ ਵਿੱਚ ਫੈਲੀ ਫਿਰਕੂ ਹਿੰਸਾ ਇਸ ਦੇ ਟਰੇਲਰ ਹਨ। ਕਾਬਿਲੇਗੌਰ ਹੈ ਕਿ ਯੂਪੀਏ ਦੇ ਰਾਜ ਦੌਰਾਨ ਕਪਿਲ ਸਿੱਬਲ ਦੋ ਵਾਰ ਕੇਂਦਰੀ ਮੰਤਰੀ ਬਣੇ ਸਨ ਤੇ ਬੀਤੇ ਸਾਲ ਮਈ ਵਿੱਚ ਉਨ੍ਹਾਂ ਨੇ ਕਾਂਗਰਸ ਤੋਂ ਨਾਤਾ ਤੋੜ ਲਿਆ ਸੀ। ਉਹ ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਗੈਰਸਿਆਸੀ ਪਲੈਟਫਾਰਮ ‘ਇਨਸਾਫ’ ਵੀ ਲਾਂਚ ਕੀਤਾ ਹੈ ਤਾਂ ਕਿ ਅਨਿਆਂ ਖ਼ਿਲਾਫ਼ ਜੰਗ ਛੇੜੀ ਜਾ ਸਕੇ।

You must be logged in to post a comment Login