ਨਵੀਂ ਦਿੱਲੀ, 9 ਅਪਰੈਲ- ਭਾਰਤ ਵਿੱਚ ਅੱਜ ਕਰੋਨਾ ਦੇ 5,575 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 32,814 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਅਪਡੇਟ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਦਰਜ 5,357 ਨਵੇਂ ਕੇਸਾਂ ਨਾਲ ਦੇਸ਼ ਵਿੱਚ ਹੁਣ ਕਰੋਨਾ ਕੇਸਾਂ ਦੀ ਕੁੱਲ ਗਿਣਤੀ ਵਧ ਕੇ 4,47,56,616 ਹੋ ਗਈ ਹੈ। ਇਸ ਦੌਰਾਨ 11 ਹੋਰ ਮੌਤਾਂ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ ਵਧ ਕੇ 5,30,965 ’ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿੱਚ ਇਸ ਸਮੇਂ 32,814 ਸਰਗਰਮ ਕੇਸ ਹਨ ਜਿਹੜੇ ਕੁੱਲ ਕੇਸਾਂ ਦਾ ਮਹਿਜ਼ 0.07 ਫ਼ੀਸਦ ਹਿੱਸਾ ਹਨ। ਕਰੋਨਾ ਤੋਂ ਕੌਮੀ ਸਿਹਤਯਾਬੀ ਦਰ 98.74 ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ 4,41,92,837 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ ਜਦਕਿ ਕਰੋਨਾ ਮੌਤ ਦਰ 1.19 ਫ਼ੀਸਦ ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਲੋਕਾਂ ਨੂੰ ਕਰੋਨਾ ਰੋਕੂ ਟੀਕਿਆਂ ਦੀਆਂ 220.66 ਕਰੋੜ ਖੁਰਾਕਾਂ ਵੀ ਲਾਈਆਂ ਜਾ ਚੁੱਕੀਆਂ ਹਨ।

You must be logged in to post a comment Login