ਬ੍ਰਿਸਬੇਨ : ਦੁਨੀਆਂ ਭਰ ਵਿਚ ਪ੍ਰਸਿੱਧ ਅਤੇ ਸਿੱਖ ਭਾਈਚਾਰੇ ਦੀ ਪਛਾਣ ਬਣ ਚੁੱਕੀਆਂ 35ਵੀਆਂ ਆਸਟਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਦੇ ਕੁਈਜ਼ਲੈਂਡ ਸੂਬੇ ਵਿਚ ਸ਼ਾਨੋ-ਸ਼ੌਕਤ ਤੇ ਪੂਰੇ ਉਤਸ਼ਾਹ ਨਾਲ ਸਮਾਪਤ ਹੋ ਗਈਆਂ। ਖੇਡਾਂ ਦਾ ਉਦਘਾਟਨ ਗੋਲਡ ਕੋਸਟ ਦੇ ਪ੍ਰਫਾਰਮੈਂਸ ਸੈਂਟਰ ਦੇ ਖੇਡ ਮੈਦਾਨ ਵਿੱਚ 5 ਪਿਆਰਿਆਂ ਵੱਲੋਂ ਅਰਦਾਸ, ਬੱਚਿਆਂ ਵੱਲੋਂ ਸ਼ਬਦ ਗਾਇਨ ਅਤੇ ਰਵਾਇਤੀ ਐਬੋਰੀਜਿਨਲ ਡਾਂਸ ਨਾਲ ਕੀਤਾ ਗਿਆ। ਇਸ ਉਪਰੰਤ ਬੱਚਿਆਂ ਵੱਲੋਂ ਗਿੱਧਾ ਤੇ ਭੰਗੜਾ ਪਾਇਆ ਗਿਆ। ਇਨ੍ਹਾਂ ਖੇਡਾਂ ਵਿੱਚ ਆਸਟ੍ਰਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਆਦਿ ਦੇਸ਼ਾਂ ਤੋਂ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਆਦਿ ਖੇਡਾਂ ’ਚ ਤਕਰੀਬਨ 5 ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਤਿੰਨ ਦਿਨ ਚੱਲੀਆਂ ਇਨ੍ਹਾਂ ਖੇਡਾਂ ਵਿਗਚ ਤਕਰੀਬਨ ਤੱਕ 1 ਲੱਖ ਦੇ ਕਰੀਬ ਦਰਸ਼ਕਾਂ ਨੇ ਹਿੱਸਾ ਲਿਆ।ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਫਾਈਨ ਮੈਚ ਵਿਚ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਤੇ ਬਾਬਾ ਦੀਪ ਸਿੰਘ ਕਲੱਬ ਵਿਚਲਾਲੇ ਹੋਇਆ ਅਤੇ ਸਿੰਘ ਸਭਾ ਸਪੋਰਟਸ ਕਲੱਬ ਨੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੂੰ ਅੱਧੇ ਨੰਬਰ ’ਤੇ ਹਰਾ ਕੇ ਕੱਬਡੀ ਦਾ ਫਾਈਨਲ ਮੈਚ ਜਿੱਤ ਲਿਆ। ਇਸ ਖੇਡ ਮਹਾਂਕੁੰਭ ਦੌਰਾਨ ਕਰਵਾਏ ਗਏ ਸਿੱਖ ਫੋਰਮ ਦੌਰਾਨ ਪੰਜਾਬੀ ਹਿਤੈਸ਼ੀਆਂ ਵਲੋਂ ਮਾਂ ਬੋਲੀ ਪੰਜਾਬ ਦੇ ਪਸਾਰ, ਭਾਈਚਾਰਕ ਸਾਂਝ ਅਤੇ ਭਵਿੱਖ ਦੀਆਂ ਗਤੀਵਿਧੀਆਂ ਦਾ ਚਿੰਤਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਵਿਸ਼ੇਸ਼ ਤੌਰ ’ਤੇ ਲਗਾਏ ਗਏ ਪੰਜਾਬੀ ਸਟਾਲ ਖਾਸ ਖਿੱਚ ਦਾ ਕੇਂਦਰ ਬਣੇ ਹੋਏ ਸਨ। ਵੱਖ ਵੱਖ ਖੇਡਾਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦੌਰਾਨ ਹੀ ਖੁੱਲ੍ਹੇ ਆਖਾੜੇ ਵਿੱਚ ਪ੍ਰਸਿੱਧ ਗਾਇਕ ਹਰਫ ਚੀਮਾ ਨੇ ਆਪਣੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰਨ ਲਾ ਦਿੱਤਾ। ਚੀਮਾ ਨੇ ਪੰਜਾਬ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਵਾਲੇ ਗੀਤ ਗਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬ ਤੋਂ ਸੱਤ ਸਮੁੰਦਰ ਪਾਰ ਬੈਠੇ ਪੰਜਾਬੀਆਂ ਨੇ ਜੜਾਂ ਨਾਲ ਜੁੜੇ ਹੋਣ ਦਾ ਸਬੂਤ ਦਿੱਤਾ ਹੈ। ਖੇਡਾਂ ਦੌਰਾਨ ਗੀਤ-ਸੰਗੀਤ, ਗਿੱਧਾ-ਭੰਗੜਾ ਅਤੇ ਸੱਭਿਆਚਾਰਕ ਵੰਨ੍ਹਗੀਆਂ ਵੀ ਬਖੂਬੀ ਪੇਸ਼ ਕੀਤੀਆਂ ਗਈਆਂ। ਖੇਡ ਮੇਲੇ ਵਿਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਖੇਡਾਂ ਦੇ ਐਨਸੈਕ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਸੂਬਾਈ ਐਨਸੈਕ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ, ਰੌਕੀ ਭੁੱਲਰ ਵਾਈ ਪ੍ਰਧਾਨ, ਜਗਦੀਪ ਸਿੰਘ ਭਿੰਡਰ ਸੈਕਟਰੀ, ਰਣਦੀਪ ਸਿੰਘ ਜੌਹਲ ਕਲਚਰਲ ਕੋਆਰਡੀਨੇਟਰ, ਜਤਿੰਦਰ ਨਿੱਝਰ, ਜਸਦੇਵ ਸਿੰਘ ਬੱਲ ਖਜ਼ਾਨਚੀ, ਮਨਰੂਪ ਜੌਹਲ, ਅਮਨਦੀਪ ਕੌਰ ਯੂਥ ਪ੍ਰਤੀਨਿਧੀ, ਮਨਵਿੰਦਰਜੀਤ ਕੌਰ ਚਾਹਲ ਨਾਰੀ ਪ੍ਰਤੀਨਿਧੀ, ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੇ ਦਰਸ਼ਕਾਂ ਅਤੇ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਗਲੇ ਸਾਲ 36ਵੀਂ ਸਿੱਖ ਗੇਮਜ਼ ਐਡੀਲੇਡ ਵਿਖੇ ਹੋਣਗੀਆਂ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login