ਦਿੱਲੀ ਦੇ ਜੰਤਰ ਮੰਤਰ ’ਤੇ ਮੁੜ ਡਟੇ ਭਲਵਾਨ

ਨਵੀਂ ਦਿੱਲੀ, 23 ਅਪਰੈਲ- ਦੇਸ਼ ਦੇ ਭਲਵਾਨਾਂ ਨੇ ਇਥੋਂ ਦੇ ਜੰਤਰ ਮੰਤਰ ’ਤੇ ਅੱਜ ਮੁੜ ਧਰਨਾ ਦਿੱਤਾ। ਇਸ ਮੌਕੇ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਮੰਗਾਂ ਸਬੰਧੀ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਮੁੜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ ਸਣੇ ਵਿਨੇਸ਼ ਫੋਗਾਟ, ਰਵੀ ਦਹੀਆ ਤੇ ਸਾਕਸ਼ੀ ਮਲਿਕ ਨੇ ਜਨਵਰੀ ਮਹੀਨੇ ਵਿੱਚ ਜੰਤਰ ਮੰਤਰ ’ਤੇ ਧਰਨਾ ਦਿੱਤਾ ਸੀ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਭੂਸ਼ਨ ’ਤੇ ਮਹਿਲਾ ਭਲਵਾਨਾਂ ਨੇ ਸਰੀਰਕ ਸ਼ੋਸ਼ਣ ਅਤੇ ਦੁਰਵਿਹਾਰ ਦੇ ਦੋਸ਼ ਲਾਏ ਸਨ। ਇਸ ਮਗਰੋਂ ਕੇਂਦਰੀ ਖੇਡ ਮੰਤਰਾਲੇ ਨੇ ਨਿਗਰਾਨ ਕਮੇਟੀ ਬਣਾਈ ਸੀ ਤੇ ਮੰਤਰਾਲੇ ਨੂੰ ਰਿਪੋਰਟ ਸੌਂਪਣ ਲਈ ਕਿਹਾ ਸੀ। ਪੂਨੀਆ ਨੇ ਕਿਹਾ ਕਿ ਉਸ ਪਤਾ ਲੱਗਾ ਹੈ ਕਿ ਇਕ ਕਮੇਟੀ ਮੈਂਬਰ ਦੇ ਹਸਤਾਖਰ ਬਿਨਾਂ ਹੀ ਇਹ ਰਿਪੋਰਟ ਕੇਂਦਰੀ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਹੈ ਤੇ ਮੈਂਬਰ ਨੇ ਇਸ ਰਿਪੋਰਟ ਬਾਰੇ ਅਸਹਿਮਤੀ ਜਤਾਈ ਹੈ।

You must be logged in to post a comment Login