ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ’ਤੇ ਧਮਾਕਾ, ਕਈ ਜ਼ਖ਼ਮੀ

ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ’ਤੇ ਧਮਾਕਾ, ਕਈ ਜ਼ਖ਼ਮੀ

ਅੰਮ੍ਰਿਤਸਰ, 7 ਮਈ- ਇੱਥੇ ਹਰਿਮੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟ੍ਰੀਟ ਵਿਚ ਸ਼ਨਿਚਰਵਾਰ ਦੇਰ ਰਾਤ ਧਮਾਕਾ ਹੋ ਗਿਆ ਜਿਸ ਤੋਂ ਬਾਅਦ ਦਹਿਸ਼ਤ ਫੈਲ ਗਈ। ਇਸ ਧਮਾਕੇ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਅੱਧੀ ਰਾਤ ਵੇਲੇ ਉਸ ਸਮੇਂ ਵਾਪਰੀ, ਜਦੋਂ ਸੈਲਾਨੀ ਅਤੇ ਸ਼ਰਧਾਲੂ ਹੈਰੀਟੇਜ ਸਟਰੀਟ ’ਤੇ ਸੈਰ ਕਰ ਰਹੇ ਸਨ। ਇਹ ਧਮਾਕਾ ਸਾਰਾਗੜ੍ਹੀ ਸਰਾਏ ਦੇ ਸਾਹਮਣੇ ਪਾਰਕਿੰਗ ਕੋਲ ਹੋਇਆ। ਧਮਾਕੇ ਨਾਲ ਨੇੜਲੇ ਰੇਸਤਰਾਂ ਅਤੇ ਸਾਰਾਗੜ੍ਹੀ ਸਰਾਏ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਜਿਸ ਨਾਲ ਹੈਰੀਟੇਜ ਸਟਰੀਟ ’ਤੇ ਜਾ ਰਹੇ ਲੋਕ ਜ਼ਖਮੀ ਹੋ ਗਏ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮਾਂ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਹੀ ਚਕਨਾਚੂਰ ਹੋਏ ਹਨ, ਜਦੋਂਕਿ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

You must be logged in to post a comment Login