ਸ਼੍ਰੋਮਣੀ ਕਮੇਟੀ ਨੇ 3 ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ: ਧਾਮੀ

ਸ਼੍ਰੋਮਣੀ ਕਮੇਟੀ ਨੇ 3 ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ: ਧਾਮੀ

ਅੰਮ੍ਰਿਤਸਰ, 11 ਮਈ- ਇਥੇ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਹੈ। ਇਸ ਦਾ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਦਰਬਾਰ ਸਾਹਿਬ ਵਿਚਲੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕਰ ਰਹੀ ਟੀਮ ਦੀ ਚੌਕਸੀ ਕਾਰਨ ਇਹ ਵਿਅਕਤੀ ਕਾਬੂ ਕੀਤੇ ਗਏ ਹਨ। ਧਮਾਕਾ ਹੋਣ ਤੋਂ ਬਾਅਦ ਟੀਮ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਘਟਨਾ ਦਾ ਪਤਾ ਲਾਇਆ। ਇਸ ਮਾਮਲੇ ਵਿਚ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਦੂਜੀ ਮੰਜ਼ਿਲ ਤੋਂ ਇਕ ਵਿਅਕਤੀ ਨੂੰ ਕਾਬੂ ਕੀਤਾ, ਜੋ ਇਸ ਘਟਨਾ ਨੂੰ ਕਥਿਤ ਤੌਰ ’ਤੇ ਅੰਜਾਮ ਦੇਣ ਤੋਂ ਬਾਅਦ ਸਰਾਂ ਦੇ ਵਰਾਂਡੇ ਵਿਚ ਆ ਕੇ ਲੇਟ ਗਿਆ ਸੀ। ਉਸ ਦੀ ਨਿਸ਼ਾਨਦੇਹੀ ’ਤੇ ਬਾਅਦ ਵਿਚ ਜੋੜੇ ਨੂੰ ਕਾਬੂ ਕੀਤਾ, ਜਿਸ ਦਾ ਨਵਾਂ ਵਿਆਹ ਹੋਇਆ ਸੀ ਅਤੇ ਤੇ ਸਰਾਂ ਦੇ ਕਮਰੇ ਵਿੱਚ ਠਹਿਰਿਆ ਹੋਇਆ ਸੀ। ਸ਼੍ਰੋਮਣੀ ਕਮੇਟੀ ਦੀ ਟੀਮ ਨੇ ਘਟਨਾ ਸਥਾਨ ਤੋਂ ਕੁੱਝ ਕਾਗਜ਼ ਦੇ ਟੁਕੜੇ ਅਤੇ ਇਸ ਵਿਅਕਤੀ ਕੋਲੋਂ ਬੈਗ ਵੀ ਬਰਾਮਦ ਕੀਤਾ ਹੈ, ਜੋ ਪੁਲੀਸ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ ਵਿਚੋਂ ਇਕ ਵਿਅਕਤੀ 40 ਵਰ੍ਹਿਆਂ ਦਾ ਹੈ ਅਤੇ ਬਾਕੀ 2 ਉਸ ਤੋਂ ਘੱਟ ਉਮਰ ਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਾਬੂ ਕੀਤੇ ਵਿਅਕਤੀ ਤੇ ਉਨ੍ਹਾਂ ਕੋਲੋਂ ਬਰਾਮਦ ਹੋਏ ਸਾਮਾਨ ਬਾਰੇ ਕੁਝ ਹੋਰ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਜਾਂਚ ਦਾ ਮਾਮਲਾ ਹੈ ਅਤੇ ਇਸ ਬਾਰੇ ਪੁਲੀਸ ਹੀ ਖੁਲਾਸਾ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਤੇ ਪੁਲੀਸ ਇਨ੍ਹਾਂ ਧਮਾਕਿਆਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਵਿੱਚ ਸਕੈਨਰ ਅਤੇ ਸੁਰੱਖਿਆ ਪ੍ਰਬੰਧ ਅਤੇ ਚੌਕਸੀ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ।

You must be logged in to post a comment Login