ਭਲਵਾਨਾਂ ਵੱਲੋਂ ਅਨੁਰਾਗ ਠਾਕੁਰ ਨਾਲ ਮੁਲਾਕਾਤ

ਭਲਵਾਨਾਂ ਵੱਲੋਂ ਅਨੁਰਾਗ ਠਾਕੁਰ ਨਾਲ ਮੁਲਾਕਾਤ

ਨਵੀਂ ਦਿੱਲੀ, 7 ਜੂਨ- ਕੇਂਦਰ ਸਰਕਾਰ ਨੇ ਰੋਸ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਭਲਵਾਨਾਂ ਨਾਲ ਹਰ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਤ 12.45 ਵਜੇ ਟਵੀਟ ਕਰਦਿਆਂ ਲਿਖਿਆ,‘‘ਸਰਕਾਰ ਭਲਵਾਨਾਂ ਨਾਲ ਗੱਲਬਾਤ ਕਰਨ ਦੀ ਇੱਛੁਕ ਹੈ। ਮੈਂ ਭਾਲਵਾਨਾਂ ਨੂੰ ਇਕ ਵਾਰ ਫੇਰ ਗੱਲਬਾਤ ਲਈ ਸੱਦਾ ਦਿੰਦਾਂ ਹਾਂ।’’ ਜ਼ਿਕਰਯੋਗ ਹੈ ਕਿ ਮਹਿਲਾ ਭਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਹਨ। ਕੁਝ ਦਿਨ ਪਹਿਲਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਇਹ ਟਵੀਟ ਸਾਹਮਣੇ ਆਇਆ ਹੈ।ਇਸੇ ਦੌਰਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਇਥੇ ਅਕਬਰ ਰੋਡ ਸਥਿਤ ਸ੍ਰੀ ਠਾਕੁਰ ਦੀ ਰਿਹਾਇਸ਼ ’ਤੇ ਹੋਈ ਹੈ। ਮੁਲਾਕਾਤ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਭਲਵਾਨਾਂ ਦੀਆਂ ਮੰਗਾਂ ਦੇ ਵੇਰਵੇ: ਸੂਤਰਾਂ ਅਨੁਸਾਰ ਭਲਵਾਨਾਂ ਨੇ ਮੰਗ ਕੀਤੀ ਹੈ ਕਿ ਇਕ ਮਹਿਲਾ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਸੌਂਪੀ ਜਾਵੇ, ਬ੍ਰਿਜ ਭੂਸ਼ਣ ਜਾਂ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਫੈਡਰੇਸ਼ਨ ਵਿੱਚ ਸ਼ਾਮਲ ਨਾ ਕੀਤਾ ਜਾਵੇ, ਫੈਡਰੇਸ਼ਨ ਦੀਆਂ ਚੋਣਾਂ ਸੁਤੰਤਰ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ ਤੇ ਭਲਵਾਨਾਂ ਖ਼ਿਲਾਫ਼ 28 ਅਪਰੈਲ ਨੂੰ ਜੰਤਰ ਮੰਤਰ ’ਤੇ ਹੋਈ ਝੜਪ ਦੌਰਾਨ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ।

You must be logged in to post a comment Login