ਬਬੀਤਾ ਫੋਗਾਟ ਨੇ ਸੱਤਿਆਗ੍ਰਹਿ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ: ਸਾਕਸ਼ੀ ਮਲਿਕ

ਬਬੀਤਾ ਫੋਗਾਟ ਨੇ ਸੱਤਿਆਗ੍ਰਹਿ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ: ਸਾਕਸ਼ੀ ਮਲਿਕ

ਨਵੀਂ ਦਿੱਲੀ, 18 ਜੂਨ- ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਭਾਜਪਾ ਆਗੂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਬਕਾ ਮਹਿਲਾ ਪਹਿਲਵਾਨ ਬਬੀਤਾ ਫੋਗਾਟ ’ਤੇ ਆਪਣੇ ਸੌੜੇ ਹਿੱਤਾਂ ਲਈ ਪਹਿਲਵਾਨਾਂ ਨੂੰ ਵਰਤਣ ਤੇ ਉਨ੍ਹਾਂ ਦੇ ਸੱਤਿਆਗ੍ਰਹਿ/ਧਰਨੇ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਸਾਕਸ਼ੀ ਤੇ ਉਸ ਦੇ ਪਤੀ ਸਤਿਆਵਰਤ ਕਾਦਿਆਨ ਨੇ ਲੰਘੇ ਦਿਨ ਇਕ ਵੀਡੀਓ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਬਬੀਤਾ ਤੇ ਇਕ ਹੋਰ ਭਾਜਪਾ ਆਗੂ ਤੀਰਥ ਰਾਣਾ ਨੇ ਜੰਤਰ ਮੰਤਰ ’ਤੇ ਪਹਿਲਵਾਨਾਂ ਦੇ ਧਰਨੇ ਲਈ ਸ਼ੁਰੂਆਤ ਵਿੱਚ ਪ੍ਰਵਾਨਗੀ ਲਈ ਸੀ, ਪਰ ਮਗਰੋਂ ਉਨ੍ਹਾਂ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਕਿ ਪਾਰਟੀਆਂ ਨੂੰ ਸਿਆਸੀ ਮੰਤਵਾਂ ਲਈ ਇਸ ਮੰਚ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ। ਸਾਕਸ਼ੀ ਨੇ ਅੱਜ ਇਕ ਟਵੀਟ ਵਿਚ ਕਿਹਾ, ‘‘ਸ਼ਨਿੱਚਰਵਾਰ ਨੂੰ ਜਾਰੀ ਵੀਡੀਓ ਵਿੱਚ ਅਸੀਂ ਤੀਰਥ ਰਾਣਾ ਤੇ ਬਬੀਤਾ ਫੋਗਾਟ ਨੂੰ ਮਿਹਣਾ ਮਾਰਿਆ ਸੀ ਕਿ ਕਿਵੇਂ ਉਨ੍ਹਾਂ ਆਪਣੇ ਸੌੜੇ ਹਿੱਤਾਂ ਲਈ ਪਹਿਲਵਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪਹਿਲਵਾਨ ਸੰਕਟ ਵਿੱਚ ਘਿਰੇ ਤਾਂ ਕਿਵੇਂ ਉਹ ਉਥੋਂ ਖਿਸਕੇ ਤੇ ਸਰਕਾਰ ਦੀ ਗੋਦੀ ਵਿੱਚ ਜਾ ਬੈਠੇ। ਸਾਕਸ਼ੀ ਨੇ ਕਿਹਾ, ‘‘ਯਕੀਨੀ ਤੌਰ ’ਤੇ ਅਸੀਂ ਮੁਸ਼ਕਲ ਵਿੱਚ ਹਾਂ, ਪਰ ਸਾਡੀ ਸੋਚ ਇੰਨੀ ਵੀ ਕਮਜ਼ੋਰ ਨਾ ਹੋਵੇ ਕਿ ਅਸੀਂ ਜ਼ੋਰਾਵਰਾਂ ਦੇ ਮਜ਼ਾਕ ’ਤੇ ਹੱਸ ਵੀ ਨਾ ਸਕੀਏ।’’

You must be logged in to post a comment Login