ਸੁੱਕੇ ਪ੍ਰਸ਼ਾਦਿਆਂ ਦਾ ਘਪਲਾ: ਸ਼੍ਰੋਮਣੀ ਕਮੇਟੀ ਨੇ 52 ਕਰਮਚਾਰੀਆਂ ਨੂੰ ਮੁਅੱਤਲ ਕੀਤਾ

ਅੰਮ੍ਰਿਤਸਰ, 4 ਜੁਲਾਈ – ਸ਼੍ਰੋਮਣੀ ਕਮੇਟੀ ਨੇ ਵੱਡੀ ਕਾਰਵਾਈ ਕਰਦਿਆਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੁੱਕੇ ਪ੍ਰਸ਼ਾਦਿਆਂ ਦੇ ਘਪਲੇ ਵਿੱਚ 52 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿੱਚ ਮੈਨੇਜਰ ਪੱਧਰ ਦੇ ਕਈ ਅਧਿਕਾਰੀ ਅਤੇ ਹੋਰ ਹੇਠਲੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ 2 ਸਟੋਰ ਕੀਪਰ ਮੁਅੱਤਲ ਕੀਤੇ ਗਏ ਸਨ। ਅੱਜ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਆਪਣੀ ਜਾਂਚ ਰਿਪੋਰਟ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ , ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਮੁਤਾਬਕ ਲੰਗਰ ਘਰ ਦੇ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਦੀ ਰਕਮ ਨਾ ਜਮ੍ਹਾਂ ਕਰਾਉਣ ਦਾ ਇਹ ਮਾਮਲਾ ਕਰੋਨਾ ਕਾਲ ਵੇਲੇ ਦੇ 2019 ਤੋਂ ਲੈ ਕੇ 2021 ਦਾ ਹੈ। ਇਸ ਸਮੇਂ ਦੌਰਾਨ ਲੰਗਰ ਘਰ ਦੇ ਸੁੱਕੇ ਅਤੇ ਬਚੇ ਹੋਏ ਪ੍ਰਸ਼ਾਦੇ ਵੇਚੇ ਗਏ ਪਰ ਉਸ ਦੀ ਰਕਮ ਜਮ੍ਹਾਂ ਨਹੀਂ ਕਰਵਾਈ। ਇਹ ਘਪਲਾ 60 ਤੋਂ 70 ਲੱਖ ਰੁਪਏ ਦਾ ਦੱਸਿਆ ਜਾ ਰਿਹਾ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ’ਤੇ ਸਵਾਲੀਆ ਚਿੰਨ੍ਹ ਲਾਇਆ ਸੀ।

You must be logged in to post a comment Login