ਚੇਨੱਈ, 22 ਜੁਲਾਈ- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਸਿੰਘ ਨੇ ਅੱਜ ਇੱਥੇ ਕਿਹਾ ਕਿ ਤਕਨਾਲੋਜੀ ਤੇ ਖਾਸ ਤੌਰ ’ਤੇ ਵੱਡੇ ਪੱਧਰ ਉੱਤੇ ਲੋਕਾਂ ਤੱਕ ਜਲਦੀ ਤੋਂ ਜਲਦੀ ਸੂਚਨਾ ਪੁੱਜਦੀ ਕਰਨ ਵਾਲੇ ਮੰਚ ਜਿਵੇਂ ਸੋਸ਼ਲ ਮੀਡੀਆ ਤੇ ਮਨਸੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਇਨ੍ਹਾਂ ਦੀ ਦੁਰਵਰਤੋਂ ਖ਼ਿਲਾਫ਼ ਢਾਂਚਾ ਤਿਆਰ ਕਰਨ ਦੀ ਲੋੜ ਹੈ, ਕਿਉਂਕਿ ਮਨੁੱਖੀ ਕਦਰਾਂ-ਕੀਮਤਾਂ ਤੇ ਨਿੱਜਤਾ ਦੀ ਆਪਣੀ ਅਹਿਮੀਅਤ ਹੈ। ਇੱਥੇ ਆਈਆਈਟੀ ਮਦਰਾਸ ਦੀ 60ਵੀਂ ਕਾਨਵੋਕੇਸ਼ਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘ਨਵੀਂ ਤਕਨਾਲੋਜੀ ਖਲਾਅ ਵਿੱਚ ਨਹੀਂ ਰਹਿ ਸਕਦੀ ਤੇ ਇਸ ਲਈ ਇਸ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧ ਲੋੜੀਂਦੇ ਹਨ। ਤਕਨਾਲੋਜੀ ਨੂੰ ਇਸ ਦੀ ਭਰੋਸੇਯੋਗ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ, ਜਿਸ ਦੌਰਾਨ ਲੋਕਾਂ ਵਿੱਚ ਇਸ ਗੱਲ ਦਾ ਭਰੋਸਾ ਕਾਇਮ ਰਹੇ ਕਿ ਉਨ੍ਹਾਂ ਦੀ ਨਿੱਜੀ ਆਜ਼ਾਦੀ ’ਚ ਸੰਭਵ ਤੌਰ ’ਤੇ ਕੋਈ ਖ਼ਲਲ ਨਹੀਂ ਪਵੇਗਾ।’ ਉਨ੍ਹਾਂ ਕਿਹਾ,‘ਸੋਸ਼ਲ ਮੀਡੀਆ ਨੇ ਉਮਰ ਅਤੇ ਨਾਗਰਿਕਤਾ ਦੀਆਂ ਰੋਕਾਂ ਪਾਰ ਕਰਦਿਆਂ ਸਾਨੂੰ ਲੋਕਾਂ ਨਾਲ ਜੁੜਨ ਦਾ ਮੌਕਾ ਦਿੱਤਾ ਹੈ, ਪਰ ਆਪਸੀ ਸੰਚਾਰ ਦੇ ਇਸ ਨਵੇਂ ਢੰਗ ਨੇ ਨਵੇਂ ਕਿਸਮ ਦੇ ਵਤੀਰੇ ਨੂੰ ਜਨਮ ਦਿੱਤਾ ਹੈ ਜਿਵੇਂ ਆਨਲਾਈਨ ਪੱਧਰ ’ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਅਤੇ ਟਰੌਲਿੰਗ। ਇੱਥੋਂ ਤੱਕ ਕਿ ਮਨਸੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਰਵਰਤੋਂ, ਗਲਤ ਦਿਸ਼ਾ ’ਚ ਲਿਜਾਣ, ਧਮਕਾਉਣ ਜਾਂ ਇੱਥੋਂ ਤੱਕ ਕਿ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਨੁਕਸਾਨ ਪਹੁੰਚਾਉਣ ਵਾਲੇ ਉਦੇਸ਼ਾਂ ਲਈ ਦੁਰਵਰਤੋਂ ਰੋਕਣਾ ਵਿਦਿਆਰਥੀਆਂ ਲਈ ਮੁੱਖ ਚੁਣੌਤੀਆਂ ’ਚ ਸ਼ਾਮਲ ਹੈ।’

You must be logged in to post a comment Login