ਹੜ੍ਹ ਪੀੜਤਾਂ ਨੂੰ “ਦਸਵੰਧ ਹੈਲਪ ਗਰੁੱਪ” ਨੇ ਰਾਸ਼ਨ ਦੇ ਪੈਕਟ ਵੰਡੇ

ਹੜ੍ਹ ਪੀੜਤਾਂ ਨੂੰ “ਦਸਵੰਧ ਹੈਲਪ ਗਰੁੱਪ” ਨੇ ਰਾਸ਼ਨ ਦੇ ਪੈਕਟ ਵੰਡੇ

ਪਟਿਆਲਾ, 23 ਜੁਲਾਈ (ਗੁਰਪ੍ਰੀਤ ਕੰਬੋਜ)- ਘੱਗਰ ਕੰਢੇ ਪੈਂਦੇ ਪਿੰਡ ਧਰਮਹੇੜੀ ਦੇ ਹੜ ਪੀੜਤਾਂ ਨੂੰ ਮਦਦ ਦੇ ਰੂਪ ’ਚ ‘‘ਦਸਵੰਧ ਹੈਲਪ ਗਰੁੱਪ’’ ਰਾਹੀਂ ਇਕ ਲੱਖ ਰੁਪਏ ਦਾ ਰਾਸ਼ਨ ਤਕਸੀਮ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਵਿੰਦਰ ਸਿੰਘ ਢੀਂਡਸਾ ਅਤੇ ਖ਼ਜ਼ਾਨਚੀ ਗੁਰਨਾਮ ਸਿੰਘ ਨੇ ਦੱਸਿਆ ਕਿ ਹੜ ਪੀੜਤਾਂ ਦੀ ਸਹਾਇਤਾ ਲਈ ਗੁਰਵਿੰਦਰ ਸਿੰਘ ਬੱਬੂ ਦੇ ਯਤਨਾਂ ਸਦਕਾ ਵਰਟੈਕਸ ਕੁਰੂਕਸ਼ੇਤਰ ਦੇ ਸੰਚਾਲਕ ਗੁਰਬਾਜ਼ ਸਿੰਘ ਵਲੋਂ 52 ਹਜ਼ਾਰ ਰੁਪਏ ਅਤੇ ਮਨਜ਼ੂਰ ਸਿੰਘ ਚੱਠਾ ਯੂ.ਐੱਸ.ਏ. ਵਲੋਂ 50 ਹਜ਼ਾਰ ਰੁਪਿਆ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਪਿੰਡ ’ਚ ਹੜ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਵੜ ਗਿਆ ਸੀ ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਜਿਸ ’ਚ ਕਈ ਘਰਾਂ ਦੀ ਕਣਕ ਅਤੇ ਹੋਰ ਖਾਣ-ਪੀਣ ਦਾ ਸਮਾਨ ਤੱਕ ਖ਼ਰਾਬ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਜਿਨਾਂ ਦਾ ਹੜ ’ਚ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਤੋਂ ਇਲਾਵਾ ਲੋੜਵੰਦ ਅਤੇ ਗਰੀਬ ਵਿਧਵਾ ਔਰਤਾਂ ਨੂੰ ਰਸੋਈ ਦੇ ਸਮਾਨ ਦੇ ਪੈਕਟ ਬਣਾ ਕੇ 30 ਘਰਾਂ ’ਚ ਰਾਸ਼ਨ ਵੰਡਿਆ ਗਿਆ ਹੈ। ਇਹ ਰਾਸ਼ਨ ਲਗਭਗ 1 ਲੱਖ ਰੁਪਏ ਦੀ ਇਕੱਠੀ ਹੋਈ ਰਾਸ਼ੀ ਨਾਲ ਭੇਜਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੱਸਾ ਗੁੱਜਰਾਂ ਦੇ ਪਿੰਡ ਦਾ ਇਕ ਨੌਜਵਾਨ ਦੀ ਹੜ ਦੇ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ ਸੀ, ਉਸ ਦੇ ਪਰਿਵਾਰ ਵਿਚ 4 ਧੀਆਂ ਅਤੇ ਪਤਨੀ ਦੀ ਮਦਦ ਲਈ ਆਟੇ ਸਮੇਤ ਦੋ ਪੈਕਟ ਰਾਸ਼ਨ ਦੇ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਮਲਕੀਤ ਸਿੰਘ ਚੀਮਾ, ਹਰਚਰਨ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਚੱਠਾ, ਹਰਪਾਲ ਸਿੰਘ ਨੰਬਰਦਾਰ, ਬਿਕਰਮਜੀਤ ਸਿੰਘ ਵਿਰਕ, ਕੁਲਜਿੰਦਰ ਸਿੰਘ ਔਲਖ, ਬਿਕਰਮਜੀਤ ਸਿੰਘ, ਜਤਿੰਦਰ ਸਿੰਘ ਚੱਠਾ, ਸ਼ਰਨ ਢੀਂਡਸਾ, ਬਲਜਿੰਦਰ ਸਿੰਘ ਲਾਡੀ, ਧਰਮਿੰਦਰ ਸਿੰਘ ਚੀਮਾ, ਬਵਨਦੀਪ, ਇੰਦਰਜੀਤ ਸਿੰਘ ਚੀਮਾ, ਗੁਰਲਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਠਾੜੂ, ਅਮਨ ਮਠਾੜੂ ਆਦਿ ਵੀ ਹਾਜ਼ਰ ਸਨ।

You must be logged in to post a comment Login