ਮਨੀਪੁਰ : ਪੀੜਤਾ ਦੀ ਮਾਂ ਨੇ ਪਤੀ ਤੇ ਪੁੱਤਰ ਦੀਆਂ ਦੇਹਾਂ ਦੇਖਣ ਦੀ ਇੱਛਾ ਜ਼ਾਹਿਰ ਕੀਤੀ

ਮਨੀਪੁਰ : ਪੀੜਤਾ ਦੀ ਮਾਂ ਨੇ ਪਤੀ ਤੇ ਪੁੱਤਰ ਦੀਆਂ ਦੇਹਾਂ ਦੇਖਣ ਦੀ ਇੱਛਾ ਜ਼ਾਹਿਰ ਕੀਤੀ

ਇੰਫਾਲ- ਮਨੀਪੁਰ ’ਚ ਚਾਰ ਮਈ ਨੂੰ ਜਿਨ੍ਹਾਂ ਦੋ ਔਰਤਾਂ ਦੀ ਨਗਨ ਪਰੇਡ ਕਰਵਾਈ ਗਈ ਸੀ, ਉਨ੍ਹਾਂ ਵਿਚੋਂ ਇਕ ਪੀੜਤਾ ਦੀ ਮਾਂ ਨੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਪਤੀ ਤੇ ਪੁੱਤਰ ਦੀਆਂ ਦੇਹਾਂ ਦੇਖਣ ਲਈ ਉਸ ਦੀ ਮਦਦ ਕੀਤੀ ਜਾਵੇ। ਇਹ ਦੋਵੇਂ ਉਸ ਦਿਨ ਮਾਰੇ ਗਏ ਸਨ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਵਫ਼ਦ ਨੇ ਅੱਜ ਮਨੀਪੁਰ ਦੇ ਹਿੰਸਾਗ੍ਰਸਤ ਇਲਾਕੇ ਚੂਰਾਚਾਂਦਪੁਰ ਦਾ ਦੌਰਾ ਕਰਕੇ ਕੁਕੀ ਆਗੂਆਂ ਅਤੇ ਸਿਵਲ ਸਮਾਜ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਰਾਹਤ ਕੈਂਪਾਂ ’ਚ ਪੀੜਤਾਂ ਨਾਲ ਮਿਲ ਕੇ ਉਨ੍ਹਾਂ ਦਾ ਦੁੱਖ-ਦਰਦ ਵੰਡਾਇਆ। ਅੱਜ ਜਦੋਂ ਟੀਐਮਸੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਤੇ ਡੀਐਮਕੇ ਸੰਸਦ ਮੈਂਬਰ ਕਨੀਮੋੜੀ ਇਕ ਪੀੜਤਾ ਦੀ ਮਾਂ ਨੂੰ ਮਿਲੀਆਂ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਪਤੀ ਤੇ ਪੁੱਤਰ ਦੀ ਮ੍ਰਿਤਕ ਦੇਹ ਦੇਖਣਾ ਚਾਹੁੰਦੀ ਹੈ। ਉਸ ਨੇ ਨਾਲ ਹੀ ਦੋਵਾਂ ਆਗੂਆਂ ਨੂੰ ਦੱਸਿਆ ਕਿ ਸਥਿਤੀ ਅਜਿਹੀ ਹੈ ਕਿ ਹੁਣ ਮੈਤੇਈ ਤੇ ਕੁਕੀ ਭਾਈਚਾਰੇ ਇਕੱਠੇ ਨਹੀਂ ਰਹਿ ਸਕਦੇ। ਸੁਸ਼ਮਿਤਾ ਦੇਵ ਨੇ ਦੱਸਿਆ, ‘ਉਸ ਦੀ ਧੀ ਨਾਲ ਜਬਰ-ਜਨਾਹ ਹੋਇਆ ਹੈ, ਤੇ ਪਤੀ ਅਤੇ ਪੁੱਤਰ ਦੀ ਭੀੜ ਨੇ ਮਨੀਪੁਰ ਪੁਲੀਸ ਦੀ ਹਾਜ਼ਰੀ ਵਿਚ ਹੱਤਿਆ ਕੀਤੀ ਹੈ, ਪਰ ਹੁਣ ਤੱਕ ਇਕ ਵੀ ਪੁਲੀਸ ਅਧਿਕਾਰੀ ਮੁਅੱਤਲ ਨਹੀਂ ਹੋਇਆ। ਉਨ੍ਹਾਂ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਉਹ ਕਹਿ ਰਹੇ ਹਨ ਕਿ ਹਜ਼ਾਰ ਲੋਕਾਂ ਤੋਂ ਵੱਧ ਦੀ ਭੀੜ ਸੀ। ਉਨ੍ਹਾਂ ਖਾਸ ਤੌਰ ਉਤੇ ਇਕ ਮੰਗ ਰੱਖੀ ਹੈ, ਜਿਸ ਨੂੰ ਮੈਂ ਰਾਜਪਾਲ ਕੋਲ ਚੁੱਕਾਂਗੀ।’ ਟੀਐਮਸੀ ਆਗੂ ਨੇ ਕਿਹਾ ਕਿ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਪੁਲੀਸ ਦੇ ਸਾਹਮਣੇ ਵਧੀਕੀ ਹੋਈ ਪਰ ਮਦਦ ਤੇ ਬਚਾਅ ਲਈ ਕੁਝ ਨਹੀਂ ਕੀਤਾ ਗਿਆ। ਦੇਵ ਨੇ ਦਾਅਵਾ ਕੀਤਾ ਕਿ ਲੜਕੀ ਪੁਲੀਸ ਤੋਂ ਡਰੀ ਹੋਈ ਹੈ, ‘ਤੇ ਜੇ ਪੀੜਤਾ ਨੂੰ ਹੁਣ ਪੁਲੀਸ ਉਤੇ ਭਰੋਸਾ ਹੀ ਨਹੀਂ ਰਿਹਾ ਤਾਂ ਇਹ ਇਕ ਸੰਵਿਧਾਨਕ ਸੰਕਟ ਹੈ।’ ਕਨੀਮੋੜੀ ਨੇ ਕਿਹਾ ਕਿ ਪੀੜਤਾ ਦਾ ਪਿਤਾ ਭਾਰਤੀ ਸੈਨਾ ਵਿਚ ਸੇਵਾਵਾਂ ਦੇ ਚੁੱਕਾ ਸੀ ਤੇ ਮੁਲਕ ਦੀ ਰਾਖੀ ਕੀਤੀ, ਪਰ ਆਪਣੇ ਪਰਿਵਾਰ ਨੂੰ ਨਹੀਂ ਬਚਾ ਸਕਿਆ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇਕ ਔਰਤ, ਜਿਸ ਦੀ ਧੀ ਨਾਲ ਜਬਰ-ਜਨਾਹ ਹੋਇਆ, ਉਸ ਦਾ ਪਤੀ ਤੇ ਪੁੱਤਰ ਵੀ ਉਸੇ ਦਿਨ ਖ਼ਤਮ ਹੋ ਗਏ, ਤੇ ਉਸ ਨੂੰ ਇਨਸਾਫ਼ ਨਹੀਂ ਮਿਲਿਆ।’ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਇਥੇ ਕਿਹਾ ਕਿ ਮਨੀਪੁਰ ’ਚ ਜਾਤੀਗਤ ਹਿੰਸਾ ਨਾਲ ਭਾਰਤ ਦੀ ਦਿੱਖ ਨੂੰ ਢਾਹ ਲੱਗ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਇਸ ਦੇ ਖ਼ਾਤਮੇ ਲਈ ਸ਼ਾਂਤਮਈ ਹੱਲ ਲੱਭਣਾ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ 21 ਸੰਸਦ ਮੈਂਬਰਾਂ ਦਾ ਇਕ ਵਫ਼ਦ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਇੰਫਾਲ ਪੁੱਜਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਮਨੀਪੁਰ ਦੇ ਹਾਲਾਤ ਵੱਲ ਦੇਖ ਰਹੀ ਹੈ ਅਤੇ ਹਿੰਸਾ ਖ਼ਤਮ ਕਰਕੇ ਫੌਰੀ ਸ਼ਾਂਤੀ ਬਹਾਲ ਕੀਤੀ ਜਾਣੀ ਚਾਹੀਦੀ ਹੈ। ‘ਜਾਤੀਗਤ ਝੜਪਾਂ ਨੇ ਮਨੀਪੁਰ, ਉੱਤਰ-ਪੂਰਬੀ ਖ਼ਿੱਤੇ ਖਾਸ ਕਰਕੇ ਭਾਰਤ ਦੀ ਦਿਖ ਨੂੰ ਢਾਹ ਲਾਈ ਹੈ। ਅਸੀਂ ਇਥੇ ਸਿਆਸਤ ਲਈ ਨਹੀਂ ਸਗੋਂ ਸ਼ਾਂਤਮਈ ਹੱਲ ਲੱਭਣ ਲਈ ਆਏ ਹਾਂ।’ ਇਕ ਰਾਹਤ ਕੈਂਪ ਦਾ ਦੌਰਾ ਕਰਨ ਮਗਰੋਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ,‘‘ਸਰਕਾਰ ਸੀਬੀਆਈ ਤੋਂ ਜਾਂਚ ਕਰਾਉਣ ਦੀ ਗੱਲ ਆਖ ਰਹੀ ਹੈ। ਮੈਂ ਜਵਾਬ ਚਾਹੁੰਦਾ ਹਾਂ ਕਿ ਕੀ ਕੇਂਦਰ ਸਰਕਾਰ ਹੁਣ ਤੱਕ ਸੁੱਤੀ ਪਈ ਸੀ?’’ ਟੀਐੱਮਸੀ ਆਗੂ ਸੁਸ਼ਮਿਤਾ ਦੇਵ ਨੇ ਕਿਹਾ ਕਿ ਵਫ਼ਦ ਦੋਵੇਂ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਅਤੇ ਅਸੀਂ ਕੁਕੀ ਤੇ ਮੈਤੇਈ ਭਾਈਚਾਰਿਆਂ ਨਾਲ ਗੱਲ ਕਰਾਂਗੇ। ਵਿਰੋਧੀ ਧਿਰਾਂ ਦਾ ਵਫ਼ਦ ਦੋ ਟੀਮਾਂ ’ਚ ਵੰਡ ਕੇ ਚੂਰਾਚਾਂਦਪੁਰ ਪਹੁੰਚਿਆ। ਇਕ ਸੁਰੱਖਿਆ ਅਧਿਕਾਰੀ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਵਫ਼ਦ ਦੇ ਇਥੇ ਪੁੱਜਣ ਮਗਰੋਂ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਦੋ ਹਿੱਸਿਆਂ ’ਚ ਵੰਡ ਕੇ ਚੂਰਾਚਾਂਦਪੁਰ ਲਿਜਾਇਆ ਗਿਆ। ਇਕ ਹੈਲੀਕਾਪਟਰ ਹੋਣ ਕਰਕੇ ਵਫ਼ਦ ਨੂੰ ਦੋ ਟੀਮਾਂ ’ਚ ਵੰਡ ਕੇ ਵਾਰੀ ਵਾਰੀ ਸਿਰ ਉਥੇ ਪਹੁੰਚਾਇਆ ਗਿਆ। ਚੌਧਰੀ ਦੀ ਅਗਵਾਈ ਹੇਠਲੀ ਟੀਮ ਨੇ ਚੂਰਾਚਾਂਦਪੁਰ ਕਾਲਜ ਦੇ ਲੜਕਿਆਂ ਦੇ ਹੋਸਟਲ ’ਚ ਬਣਾਏ ਗਏ ਰਾਹਤ ਕੈਂਪ ਦਾ ਦੌਰਾ ਕੀਤਾ।

You must be logged in to post a comment Login