ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਮਾਪਤ, ਗੁਰਦੁਆਰੇ ਦੇ ਕਵਿਾੜ ਸੰਗਤ ਲਈ ਬੰਦ ਕੀਤੇ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਮਾਪਤ, ਗੁਰਦੁਆਰੇ ਦੇ ਕਵਿਾੜ ਸੰਗਤ ਲਈ ਬੰਦ ਕੀਤੇ

ਅੰਮ੍ਰਿਤਸਰ, 11 ਅਕਤੂਬਰ- ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਦੁਪਹਿਰ ਅਰਦਾਸ ਮਗਰੋਂ ਸਮਾਪਤ ਹੋ ਗਈ ਹੈ ਅਤੇ ਗੁਰਦੁਆਰੇ ਦੇ ਕਵਿਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ। 15000 ਫੁੱਟ ਦੀ ਉਚਾਈ ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਅੱਜ ਦੁਪਹਿਰ ਸਮਾਪਤੀ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਹੇਮਕੁੰਟ  ਮੈਨੇਜਮੈਂਟ ਟਰਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਤੇ ਹੋਰ ਪਤਵੰਤ ਤੇ ਹਾਜ਼ਰ ਸਨ। ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਗੁਰਮਤਿ ਮਰਿਆਦਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਖ-ਆਸਣ ਵਾਲੇ ਅਸਥਾਨ ’ਤੇ ਲਿਜਾਇਆ ਗਿਆ ਅਤੇ ਸੁਸ਼ੋਭਿਤ ਕੀਤਾ ਗਿਆ। ਇਸ ਮਗਰੋਂ ਇਸ ਸਾਲ ਦੀ ਯਾਤਰਾ ਵਾਸਤੇ ਗੁਰਦੁਆਰੇ ਦੇ ਕਵਿਾੜ ਸੰਗਤ ਲਈ ਬੰਦ ਕਰ ਦਿੱਤੇ ਗਏ। ਇਸ ਮੌਕੇ ਭਾਰਤੀ ਫੌਜ ਦੇ ਜਵਾਨ ਤੇ ਅਧਿਕਾਰੀ ਵੀ ਹਾਜ਼ਰ ਸਨ, ਜੋ ਹਰ ਸਾਲ ਇਸ ਯਾਤਰਾ ਦੀ ਸ਼ੁਰੂਆਤ ਵੇਲੇ ਬਰਫ ਹਟਾ ਕੇ ਰਸਤੇ ਤਿਆਰ ਕਰਦੇ ਹਨ। ਅੱਜ ਯਾਤਰਾ ਦਾ ਆਖਰੀ ਦਿਨ ਹੋਣ ਕਾਰਨ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ। ਟਰਸਟ ਦੇ ਮੁਖੀ ਸ੍ਰੀ ਬਿੰਦਰਾ ਨੇ ਦੱਸਿਆ ਕਿ ਇਸ ਸਾਲ ਇਹ ਯਾਤਰਾ 20 ਮਈ ਨੂੰ ਆਰੰਭ ਹੋਈ ਸੀ ਅਤੇ ਚਾਰ ਮਹੀਨੇ 20 ਦਿਨ ਮਗਰੋਂ ਅੱਜ ਸਮਾਪਤ ਹੋ ਗਈ। ਇਸ ਦੌਰਾਨ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ। ਬੀਤੀ ਸ਼ਾਮ ਇਥੇ ਹਲਕੀ ਬਰਫਬਾਰੀ ਵੀ ਹੋਈ ਹੈ ।

You must be logged in to post a comment Login