ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਮੁਖੀ ਅੰਟੋਨੀਓ ਗੁਟੇਰੇਜ਼ ਨੇ ਹਮਾਸ ਨੂੰ ਕਿਹਾ ਹੈ ਕਿ ਉਹ ਬਿਨਾ ਕਿਸੇ ਸ਼ਰਤ ਦੇ ਸਾਰੇ ਬੰਦੀਆਂ ਨੂੰ ਫੌਰੀ ਰਿਹਾਅ ਕਰੇ। ਫ਼ੌਜ ਵੱਲੋਂ ਗਾਜ਼ਾ ਪੱਟੀ ਦੀ ਕੀਤੀ ਗਈ ਮੁਕੰਮਲ ਘੇਰਾਬੰਦੀ ਦਰਮਿਆਨ ਉਨ੍ਹਾਂ ਇਜ਼ਰਾਈਲ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਾਜ਼ਾ ਪੱਟੀ ’ਚ ਆਮ ਨਾਗਰਿਕਾਂ ਲਈ ਮਾਨਵੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਦੇਵੇ। ਗੁਟੇਰੇਜ਼ ਨੇ ਇਕ ਬਿਆਨ ’ਚ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਹੋਣ ਦੇ ਨਾਤੇ ਇਹ ਉਨ੍ਹਾਂ ਦਾ ਫਰ਼ਜ ਬਣਦਾ ਹੈ ਕਿ ਉਹ ਦੋ ਮਾਨਵੀ ਅਪੀਲਾਂ ਕਰਨ ਕਿਉਂਕਿ ਮੱਧ ਪੂਰਬ ’ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮਾਮਲਿਆਂ ’ਚ ਕੋਈ ਸੌਦੇਬਾਜ਼ੀ ਨਹੀਂ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ’ਤੇ ਫੌਰੀ ਅਮਲ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਗਾਜ਼ਾ ’ਚ ਬਿਜਲੀ, ਪਾਣੀ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਲਗਭਗ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਕੋਲ ਮਿਸਰ, ਜਾਰਡਨ, ਪੱਛਮੀ ਕੰਢੇ ਅਤੇ ਇਜ਼ਰਾਈਲ ’ਚ ਜ਼ਰੂਰੀ ਵਸਤਾਂ ਪਈਆਂ ਹਨ ਅਤੇ ਇਨ੍ਹਾਂ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਪ੍ਰਭਾਵਿਤ ਇਲਾਕਿਆਂ ’ਚ ਪਹੁੰਚਾਇਆ ਜਾ ਸਕਦਾ ਹੈ।

You must be logged in to post a comment Login