ਮੁਹਾਲੀ, 26 ਅਕਤੂਬਰ- ਪੰਜਾਬ ਪੁਲੀਸ ਦੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਬੀਤੇ ਦਿਨ ਵਿਜੀਲੈਂਸ ਬਿਊਰੋ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ, ਐੱਸਸੀ ਸਰਟੀਫਿਕੇਟਾਂ ਸਬੰਧੀ ਖੁਦ ਜਾਂਚ ਅਧਿਕਾਰੀ ਬਣਨ ਅਤੇ ਆਪਣੇ ਅਧਿਕਾਰਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੀ ਚੱਲ ਰਹੀ ਜਾਂਚ ਸਬੰਧੀ ਬਿਊਰੋ ਦੇ ਦਫ਼ਤਰ ਵਿੱਚ ਤਲਬ ਕੀਤਾ ਸੀ। ਜਾਂਚ ਅਧਿਕਾਰੀਆਂ ਨੇ ਸਿੱਧੂ ਨੂੰ ਆਪਣਾ ਮੋਬਾਈਲ ਬਾਹਰ ਰੱਖਣ ਲਈ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੀ ਪੁੱਛ ਪੜਤਾਲ ਰਿਕਾਰਡ ਕਰਨਾ ਚਾਹੁੰਦਾ ਹੈ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰਾਂ ਨੇ ਕਿਹਾ ਕਿ ਜਦੋਂ ਵੀ ਜਾਂਚ ਲਈ ਪੁੱਛ-ਪੜਤਾਲ ਹੁੰਦੀ ਹੈ ਤਾਂ ਨਾ ਤਾਂ ਮੋਬਾਈਲ ਫ਼ੋਨ ਲੈ ਕੇ ਜਾ ਸਕਦੇ ਹਨ ਅਤੇ ਨਾ ਹੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ, ਜਦੋਂ ਉਸ ਨੂੰ ਜਾਇਦਾਦ ਸਬੰਧੀ ਵੇਰਵੇ ਦੇਣ ਲਈ ਫਾਰਮ ਸੌਂਪਿਆ ਗਿਆ ਤਾਂ ਉਹ ਜਾਂਚ ਅਧਿਕਾਰੀ ਨਾਲ ਖਹਬਿੜ ਪਿਆ। ਉਸ ਨੇ ਡੀਐੱਸਪੀ ਨਾਲ ਕਥਿਤ ਝਗੜਾ ਅਤੇ ਧੱਕਾ ਮੁੱਕੀ ਕੀਤੀ। ਦੇਰ ਰਾਤ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਏਆਈਜੀ ਦੀ ਪਤਨੀ ਅਤੇ ਪੁੱਤ ਨੇ ਵਿਜੀਲੈਂਸ ਦਫ਼ਤਰ ਬਾਹਰ ਰੌਲਾ ਪਾਇਆ ਅਤੇ ਵਿਜੀਲੈਂਸ ‘ਤੇ ਉਸ ਦੇ ਪਤੀ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਾਇਆ। ਇਸ ਸਬੰਧੀ ਏਆਈਜੀ ਸਿੱਧੂ ਖ਼ਿਲਾਫ਼ ਮੁਹਾਲੀ ਦੇ ਥਾਣਾ ਫੇਜ਼-8 ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਅਲੱਗ ਤੋਂ ਪਰਚਾ ਦਰਜ ਕੀਤਾ ਗਿਆ ਹੈ। ਪੇਸ਼ੀ ਸਮੇਂ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਾਅਲੀ ਐੱਸਸੀ ਸਰਟੀਫਿਕੇਟ ਮਾਮਲੇ ਵਿੱਚ ਦਲਿਤਾਂ ਨੂੰ ਸਹਿਯੋਗ ਦੇਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਸ ਨੂੰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਨਿਆਂ ਪ੍ਰਣਾਲੀ ’ਤੇ ਭਰੋਸਾ ਹੈ ਅਤੇ ਸੱਚਾਈ ਜਲਦੀ ਸਾਹਮਣੇ ਆਏਗੀ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login