ਮਾਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਮੁਨੱਵਰ-ਉਨ-ਨਿਸ਼ਾ ਦਾ ਇੰਤਕਾਲ

ਮਾਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਮੁਨੱਵਰ-ਉਨ-ਨਿਸ਼ਾ ਦਾ ਇੰਤਕਾਲ

ਮਾਲੇਰਕੋਟਲਾ, 27 ਅਕਤੂਬਰ- ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨੱਵਰ ਉਨ ਨਿਸ਼ਾ ਦੇ ਜਨਾਜ਼ੇ ਦੀ ਨਮਾਜ਼ ਵਿਚ ਵੱਡੀ ਗਿਣਤੀ ਵਿਚ ਸਿਆਸੀ, ਧਾਰਮਿਕ ਅਤੇ ਸਮਾਜਸੇਵੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੀ ਦੇਹ ਨੂੰ ਧਾਰਮਿਕ ਰੀਤ ਅਨੁਸਾਰ ਸ਼ਾਹੀ ਮਕਬਰਿਆਂ ਵਿਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ, ਜਿਥੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕਬਰ ਮੌਜੂਦ ਹੈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਬੇਗ਼ਮ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖ਼ਾਨ ਦੀ ਤੀਜੀ ਤੇ ਆਖ਼ਰੀ ਬੇਗ਼ਮ ਮੁਨੱਵਰ ਉਨ ਨਿਸ਼ਾ (103) ਸਾਲ ਕੁਝ ਦਿਨ ਬਿਮਾਰ ਰਹਿਣ ਮਗਰੋਂ ਅੱਜ ਸਵੇਰੇ ਪੰਜ ਵਜੇ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਵਿਖੇ ਵਫ਼ਾਤ ਪਾ ਗਏ ਸਨ। ਬੇਗ਼ਮ ਦੇ ਨੇੜਲੇ ਭਾਈ ਕਮਲਜੀਤ ਸਿੰਘ ਬੋਪਾਰਾਏ ਅਤੇ ਕੇਅਰ ਟੇਕਰ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਬੇਗ਼ਮ ਉਮਰ ਦੇ ਤਕਾਜ਼ੇ ਵਜੋਂ ਸਰੀਰਕ ਪੱਖੋਂ ਕਾਫ਼ੀ ਕਮਜ਼ੋਰ ਹੋਣ ਕਾਰਨ ਕੁਝ ਔਖ ਮਹਿਸੂਸ ਕਰ ਰਹੇ ਸਨ। ਬੇਗ਼ਮ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਕਰੀਬ ਦਸ ਦਿਨ ਪਹਿਲਾਂ ਉਨ੍ਹਾਂ ਨੂੰ ਸਥਾਨਕ ਹਲੀਮਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਤਿੰਨ-ਚਾਰ ਦਿਨ ਹਸਪਤਾਲ ‘ਚ ਦਾਖ਼ਲ ਰਹਿਣ ਉਪਰੰਤ ਉਨ੍ਹਾਂ ਸਿਹਤਯਾਬ ਹੋਣ ‘ਤੇ ਸਥਾਨਕ ਰਿਹਾਇਸ਼ ਮੁਬਾਰਿਕ ਮੰਜ਼ਿਲ ਮਹਿਲ ਵਿਖੇ ਵਾਪਸ ਲਿਆਂਦਾ ਗਿਆ ਸੀ। ਤਿੰਨ ਦਿਨ ਪਹਿਲਾਂ ਤਬੀਅਤ ਫਿਰ ਨਾਸਾਜ਼ ਹੋਣ ‘ਤੇ ਮੁੜ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਅੱਜ ਸਵੇਰੇ ਪੰਜ ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਦੇਹ ਨੂੰ ਮਹਿਲ ਵਿਖੇ ਲੋਕਾਂ ਦੇ ਆਖ਼ਰੀ ਦਰਸ਼ਨ ਲਈ ਰੱਖਿਆ ਗਿਆ।

You must be logged in to post a comment Login