ਸਮਾਲਸਰ, 12 ਦਸੰਬਰ- ਇਥੋਂ ਦੇ ਪਿੰਡ ਲੰਡੇ ਦੇ ਨੌਜਵਾਨ ਦੀ ਬੀਤੀ ਦੇਰ ਰਾਤ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਿੰਡ ਪੁੱਜਣ ’ਤੇ ਲਾਸ਼ ਦਾ ਸਸਕਾਰ ਕੀਤਾ ਜਾਵੇਗਾ। ਨੇੜਲੇ ਪਿੰਡ ਲੰਡੇ ਦੇ ਸਾਬਕਾ ਪੰਚ ਨੇ ਦੱਸਿਆ ਕਿ ਹਾਕਮ ਸਿੰਘ ਸਰਾ ਦੇ ਦੋ ਲੜਕੇ ਲੱਖਾ ਅਤੇ ਸੁਖਚੈਨ ਸਿੰਘ ਉਰਫ਼ ਚੈਨਾ ਫਿਲਪੀਨਜ਼ ਵਿਚ ਰੋਜ਼ੀ ਰੋਟੀ ਲਈ ਗਏ ਸਨ। ਲੱਖਾ ਪਿਛਲੇ ਦਿਨੀਂ ਘਰ ਵਿਚ ਆਖੰਡ ਪਾਠ ਦੇ ਭੋਗ ਸਬੰਧੀ ਪਿੰਡ ਆ ਗਿਆ ਸੀ। ਚੈਨਾ ਅਤੇ ਲੰਡੇ ਪਿੰਡ ਦਾ ਇਕ ਹੋਰ ਲੜਕਾ ਬੀਤੀ ਦੇਰ ਰਾਤ ਮਨੀਲਾ ਵਿਚ ਮਾਲ ਤੋਂ ਸਾਮਾਨ ਖਰੀਦ ਕੇ ਵਾਪਸ ਆ ਰਹੇ ਸਨ ਤਾਂ ਹਮਲਾਵਰਾਂ ਨੇ ਚੈਨੇ ਦੇ ਸਿਰ ਵਿਚ ਕਈ ਗੋਲੀਆਂ ਮਾਰ ਦਿੱਤੀਆਂ, ਜਦ ਕਿ ਦੂਜੇ ਲੜਕੇ ਦਾ ਬਚਾਅ ਹੋ ਗਿਆ। ਚੈਨੇ ਦੀ ਚਾਰ ਸਾਲ ਦੀ ਬੱਚੀ ਹੈ, ਜੋ ਆਪਣੀ ਮਾਂ ਨਾਲ ਪਿੰਡ ਲੰਡੇ ਵਿਚ ਆਈ ਹੋਈ ਹੈ। ਚੈਨਾ ਲੱਤ ਤੋਂ ਅਪਾਹਜ ਸੀ।

You must be logged in to post a comment Login