ਵੈਨਕੂਵਰ, 31 ਜਨਵਰੀ- ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੇ ਜਾਣ ਮਗਰੋਂ ਸੂਬਾ ਸਰਕਾਰਾਂ ਵੀ ਹਰਕਤ ’ਚ ਆ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਸਰਕਾਰ ’ਚ ਉੱਚ ਸਿੱਖਿਆ ਮੰਤਰੀ ਸੈਲੀਨਾ ਰੌਬਿਨਸਨ ਨੇ ਕਿਹਾ ਹੈ ਕਿ ਹਰੇਕ ਵਿੱਦਿਅਕ ਸੰਸਥਾ ਦੀ ਅਚਾਨਕ ਜਾਂਚ ਯਕੀਨੀ ਬਣਾਈ ਜਾ ਰਹੀ ਹੈ ਜਦ ਕਿ ਪਹਿਲਾਂ ਇਹ ਜਾਂਚ ਸ਼ਿਕਾਇਤ ਮਿਲਣ ’ਤੇ ਹੀ ਕੀਤੀ ਜਾਂਦੀ ਸੀ। ਉਨ੍ਹਾਂ ਇਹ ਗੱਲ ਸੋਮਵਾਰ ਨੂੰ ਸਰੀ ਵਿੱਚ ਇੱਕ ਸਮਾਗਮ ਦੌਰਾਨ ਆਖੀ। ਸੈਲੀਨਾ ਨੇ ਕਿਹਾ, ‘‘ਸੂਬੇ ਵਿਚਲੇ 280 ਨਿੱਜੀ ਕਾਲਜਾਂ ਨੂੰ ਹੁਣ ਵਿਦਿਆਰਥੀ ਦੀਆਂ ਲੋੜਾਂ ਲਈ ਲੋੜੀਂਦੇ ਸਾਧਨਾਂ ਦੇ ਪ੍ਰਬੰਧ ਵੇਖ ਕੇ ਸੀਮਤ ਦਾਖਲਿਆਂ ਦੀ ਆਗਿਆ ਦਿੱਤੀ ਜਾਵੇਗੀ ਤੇ ਗੁਮਰਾਹ ਕਰਨ ਵਾਲੇ ਅਦਾਰਿਆਂ ਨੂੰ ਤਾਲੇ ਜੜੇ ਜਾਣਗੇ।’’ ਸਿੱਖਿਆ ਮੰਤਰੀ ਨੇ ਅਸਿੱਧੇ ਤੌਰ ’ਤੇ ਮੰਨਿਆ ਕਿ ਨਿੱਜੀ ਸਿੱਖਿਆ ਸੰਸਥਾਵਾਂ ਬੇਨਿਯਮੀਆਂ ਕਰਦੀਆਂ ਰਹੀਆਂ ਹਨ। ਉਨ੍ਹਾਂ ਸਖਤ ਲਹਿਜ਼ੇ ’ਚ ਆਖਿਆ, ‘‘ਕਾਰਵਾਈ ਦੀ ਪਹਿਲੀ ਗਾਜ਼ ਮਾਲ ਪਲਾਜ਼ਿਆਂ ਵਿੱਚ ਇੱਕ ਕਮਰਾ ਲੈ ਕੇ ਖੋਲ੍ਹੇ ਅਤੇ ਆਨਲਾਈਨ ਕਲਾਸਾਂ ਲਾਉਣ ਵਾਲੇ ਕਾਲਜਾਂ ’ਤੇ ਡਿੱਗੇਗੀ। ਸੂਬਾ ਸਰਕਾਰ ਦੋ ਸਾਲ ਕੋਈ ਵੀ ਨਵਾਂ ਨਿੱਜੀ ਕਾਲਜ ਖੋਲ੍ਹਣ ਦੀ ਆਗਿਆ ਨਹੀਂ ਦੇਵੇਗੀ।’’
You must be logged in to post a comment Login