ਨਵੀਂ ਦਿੱਲੀ, 15 ਫਰਵਰੀ- ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ, ਜਦਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਨ੍ਹਾਂ ਤਿਆਰੀਆਂ ਤਹਿਤ ਦਿੱਲੀ ਪੁਲੀਸ ਨੇ 30,000 ਅੱਥਰੂ ਗੈਸ ਦੇ ਗੋਲੇ ਮੰਗਵਾਏ ਹਨ। ਦਿੱਲੀ ਪੁਲੀਸ ਦੇ ਸੂਤਰ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਦ੍ਰਿੜ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਟੇਕਨਪੁਰ ਸਥਿਤ ਬੀਐੱਸਐੱਫ ਦੀ ਟੀਅਰ ਸਮੋਕ ਯੂਨਿਟ (ਟੀਐੱਸਯੂ) ਤੋਂ 30,000 ਗੋਲਿਆਂ ਦੀ ਨਵੀਂ ਖੇਪ ਮੰਗਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗੋਲੇ ਗਵਾਲੀਅਰ ਤੋਂ ਦਿੱਲੀ ਲਿਆਂਦੇ ਜਾ ਰਹੇ ਹਨ। ਅੱਥਰੂ ਗੈਸ ਦੰਗਾ ਵਿਰੋਧੀ ਹੈ, ਜੋ ਸੁਰੱਖਿਆ ਬਲਾਂ ਦੁਆਰਾ ਭੀੜ ਨੂੰ ਖਿੰਡਾਉਣ ਲਈ ਵਰਤਿਆ ਜਾਂਦੀ ਹੈ। ਗੈਸ ਕਾਰਨ ਅੱਖਾਂ ਵਿੱਚ ਜਲਣ ਅਤੇ ਹੰਝੂ ਆਉਂਦੇ ਹਨ।

You must be logged in to post a comment Login