ਮਾਸਕੋ, 1 ਮਾਰਚ- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਮਾਸਕੋ ਵੱਲੋਂ ਯੂਕਰੇਨ ’ਚ ਮਿੱਥਿਆ ਟੀਚਾ ਪੂਰਾ ਕਰਨ ਦਾ ਅਹਿਦ ਦੁਹਰਾਇਆ ਅਤੇ ਨਾਲ ਹੀ ਪੱਛਮ ਨੂੰ ਜੰਗ ਵਿੱਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਵੀ ਕਦਮ ਆਲਮੀ ਪਰਮਾਣੂ ਜੰਗ ਦਾ ਖਤਰਾ ਵਧਾ ਸਕਦਾ ਹੈ। ਪੂਤਿਨ ਨੇ ਇਹ ਚਿਤਾਵਨੀ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਨਾਂ ਕੀਤੇ ਸੰਬੋਧਨ ਦੌਰਾਨ ਦਿੱਤੀ ਹੈ। ਇਨ੍ਹਾਂ ਚੋਣਾਂ ’ਚ ਪੂਤਿਨ ਦਾ ਜਿੱਤਣਾ ਤਕਰੀਬਨ ਤੈਅ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਬਿਆਨ ਦਿੱਤਾ ਸੀ ਕਿ ਭਵਿੱਖ ਵਿੱਚ ਯੂਕਰੇਨ ’ਚ ਪੱਛਮੀ ਮੁਲਕਾਂ ਦੀਆਂ ਫੌਜਾਂ ਦੀ ਤਾਇਨਾਤੀ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਬਿਆਨ ’ਤੇ ਪੂਤਿਨ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਉਨ੍ਹਾਂ ਮੁਲਕਾਂ ਲਈ ਮਾੜੇ ਨਤੀਜੇ ਸਾਹਮਣੇ ਆਉਣਗੇ ਜੋ ਅਜਿਹਾ ਕਰਨ ਦਾ ਫ਼ੈਸਲਾ ਲੈਂਦੇ ਹਨ। ਪੂਤਿਨ ਨੇ ਯੂਰਪ ਦੇ ਨਾਟੋ ਸਹਿਯੋਗੀਆਂ ’ਤੇ ਰੂਸ ’ਤੇ ਹਮਲੇ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੱਛਮੀ ਸਹਿਯੋਗੀ ਉਨ੍ਹਾਂ ਦੇ ਖਿੱਤੇ ’ਤੇ ਹਮਲਾ ਕਰਨ ਲਈ ਟੀਚਿਆਂ ਦੀ ਚੋਣ ਕਰ ਰਹੇ ਹਨ ਅਤੇ ਯੂਕਰੇਨ ’ਚ ਨਾਟੋ ਫੋਰਸਾਂ ਭੇਜਣ ਦੀ ਸੰਭਾਵਨਾ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਉਨ੍ਹਾਂ ਮੁਲਕਾਂ ਦੀ ਹੋਣੀ ਯਾਦ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੇ ਇਲਾਕੇ ’ਚ ਆਪਣੇ ਫੌਜੀ ਦਸਤੇ ਭੇਜੇ।’ ਪੂਤਿਨ ਨੇ ਯੂਕਰੇਨ ਨਾਲ ਜਾਰੀ ਜੰਗ ਵਿਚਾਲੇ ਕੌਮੀ ਏਕਤਾ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੇਸ਼ ਭਰ ’ਚ ਪ੍ਰਸਾਰਿਤ ਟੀਵੀ ਸੰਬੋਧਨ ਦੌਰਾਨ ਕਿਹਾ, ‘ਰੂਸ ਯੂਕਰੇਨ ’ਚ ਆਪਣੀ ਪ੍ਰਭੂਸੱਤਾ ਤੇ ਸਾਡੇ ਦੇਸ਼ ਭਗਤਾਂ ਦੀ ਰਾਖੀ ਕਰ ਰਿਹਾ ਹੈ।’ ਉਨ੍ਹਾਂ ਰੂਸ ਦੇ ਸੈਨਿਕਾਂ ਦੀ ਸ਼ਲਾਘਾ ਕੀਤੀਆਂ ਤੇ ਕੁਝ ਦੇਰ ਮੌਨ ਧਾਰ ਕੇ ਜੰਗ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

You must be logged in to post a comment Login