ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨ ਨੇ ਜਤਾਇਆ ਇਤਰਾਜ਼

ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨ ਨੇ ਜਤਾਇਆ ਇਤਰਾਜ਼

ਪੇਈਚਿੰਗ, 12 ਮਾਰਚ- ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੇ ਅਰੁਣਾਚਲ ਪ੍ਰਦੇਸ਼ ਦੌਰੇ ਸਬੰਧੀ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ। ਚੀਨ ਨੇ ਅੱਜ ਇਸ ਖੇਤਰ ’ਤੇ ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੀਆਂ ਇਹ ਹਰਕਤਾਂ ਸਰਹੱਦ ਦੇ ਮਸਲੇ ਨੂੰ ‘ਸਿਰਫ ਗੁੰਝਲਦਾਰ’ ਬਣਾ ਦੇਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 13,000 ਫੁੱਟ ਦੀ ਉਚਾਈ ’ਤੇ ਬਣਾਈ ਗਈ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਸੀ, ਜੋ ਹਰ ਮੌਸਮ ’ਚ ਤਵਾਂਗ ਤੱਕ ਸੰਪਰਕ ਬਣਾਉਣ ਅਤੇ ਸਰਹੱਦੀ ਖੇਤਰ ਨਾਲ ਸੈਨਿਕਾਂ ਦੀ ਬਿਹਤਰ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਉਮੀਦ ਹੈ। ਆਸਾਮ ਦੇ ਤੇਜ਼ਪੁਰ ਨੂੰ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਨਾਲ ਜੋੜਨ ਵਾਲੀ ਸੜਕ ’ਤੇ ਬਣੀ 825 ਕਰੋੜ ਰੁਪਏ ਦੀ ਸੁਰੰਗ ਨੂੰ ਇੰਨੀ ਉਚਾਈ ’ਤੇ ਦੁਨੀਆ ਦੀ ਸਭ ਤੋਂ ਲੰਬੀ ਦੋ-ਲੇਨ ਸੜਕ ਸੁਰੰਗ ਕਿਹਾ ਜਾ ਰਿਹਾ ਹੈ। ਫੌਜੀ ਅਧਿਕਾਰੀਆਂ ਮੁਤਾਬਕ ਸੈਨਾ ਸੁਰੰਗ ਰਾਹੀਂ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ-ਨਾਲ ਵੱਖ-ਵੱਖ ਸਰਹੱਦੀ ਖੇਤਰਾਂ ਵਿੱਚ ਸੈਨਿਕਾਂ ਅਤੇ ਹਥਿਆਰ ਪ੍ਰਣਾਲੀਆਂ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।

You must be logged in to post a comment Login